ਗਗਨਦੀਪ ਅਰੋੜਾ
ਲੁਧਿਆਣਾ, 9 ਫਰਵਰੀ
ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਅੱਜ ਇੱਥੇ ਕਿਹਾ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਸਬੰਧੀ ਕਾਂਗਰਸ 30 ਸਾਲਾਂ ’ਚ ਵੀ ਸਿੱਖ ਪਰਿਵਾਰਾਂ ਨੂੰ ਇਨਸਾਫ਼ ਨਹੀਂ ਦੇ ਸਕੀ ਪਰ ਭਾਜਪਾ ਨੇ ਸੱਤ ਸਾਲਾਂ ’ਚ ਅਜਿਹਾ ਕਰ ਦਿਖਾਇਆ। ਭਾਜਪਾ ਨੇ ਮੁਲਜ਼ਮਾਂ ਨੂੰ ਜੇਲ੍ਹ ਭੇਜਿਆ ਅਤੇ ਪੀੜਤ ਪਰਿਵਾਰਾਂ ਨੂੰ ਪੰਜ-ਪੰਜ ਲੱਖ ਰੁਪਏ ਦਾ ਮੁਆਵਜ਼ਾ ਦਿੱਤਾ।
ਉਨ੍ਹਾਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਟੁਕੜੇ-ਟੁਕੜੇ ਗੈਂਗ ਦਾ ਸਰਗਨਾ ਦੱਸਿਆ। ਉਨ੍ਹਾਂ ਕਿਹਾ ਕਿ ਜੋ ਲੋਕ ਦੇਸ਼ ਦੇ ਟੁਕੜੇ ਕਰਨ ਦੀ ਗੱਲ ਕਰਦੇ ਹਨ, ਗਾਂਧੀ ਪਰਿਵਾਰ ਉਨ੍ਹਾਂ ਨੂੰ ਵਿਸ਼ੇਸ਼ ਸਨਮਾਨ ਦੇ ਕੇ ਆਪਣੀ ਪਾਰਟੀ ’ਚ ਸ਼ਾਮਲ ਕਰਦਾ ਰਿਹਾ ਹੈ। ਕਾਂਗਰਸ ਨੂੰ ਵੋਟਾਂ ਦੇਣ ਦਾ ਮਤਲਬ ਉਨ੍ਹਾਂ ਲੋਕਾਂ ਨੂੰ ਵੋਟਾਂ ਪਾਉਣਾ ਹੈ, ਜੋ ਦੇਸ਼ ਦੇ ਟੁਕੜੇ ਕਰਨ ਦੇ ਕਾਰਨਾਮਿਆਂ ’ਚ ਸ਼ਾਮਲ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰੂਬੀਰਾਂ ਦੀ ਧਰਤੀ ਹੈ ਪਰ ਕਾਂਗਰਸ ਨੇ ਪੰਜਾਬ ਵਿਚ ਪਾਰਟੀ ਦੀ ਕਮਾਂਡ ਅਜਿਹੇ ਵਿਅਕਤੀ ਨੂੰ ਦਿੱਤੀ ਹੈ, ਜੋ ਦੁਸ਼ਮਣ ਦੇਸ਼ ਦੀ ਫ਼ੌਜ ਦੇ ਗਲੇ ਲੱਗਦਾ ਹੈ। ਕਾਂਗਰਸ ਨੂੰ ਪੰਜਾਬ ਵਿਚ ਪਾਰਟੀ ਦਾ ਪ੍ਰਧਾਨ ਬਣਾਉਣ ਲਈ ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਹੋਰ ਕੋਈ ਆਗੂ ਨਹੀਂ ਲੱਭਿਆ। ਉਨ੍ਹਾਂ ਕਿਹਾ ਕਿ ਜਿਸ ਨੇ ਰਾਜਨੀਤੀ ਲਈ ਦੁਸ਼ਮਣ ਨੂੰ ਗਲ ਲਾਇਆ, ਉਸ ਦਾ ਮੁੱਖ ਮੰਤਰੀ ਬਣਨ ਦਾ ਸੁਫ਼ਨਾ ਉਸ ਦੇ ਪਾਰਟੀ ਆਗੂਆਂ ਨੇ ਤੋੜ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਮੁੱਖ ਮੰਤਰੀ ਦਾ ਚਿਹਰਾ ਗਾਂਧੀ ਪਰਿਵਾਰ ਚੁਣਦਾ ਹੈ। ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਤੇ ਪਾਕਿਸਤਾਨ ’ਚ ਫਸੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਭਾਰਤ ਲਿਆਉਣ ਲਈ ਭਾਜਪਾ ਨੇ ਬਿੱਲ ਪੇਸ਼ ਕੀਤਾ ਸੀ, ਜਿਸ ਦਾ ਕਾਂਗਰਸ ਨੇ ਵਿਰੋਧ ਕੀਤਾ। ਇਸ ਦੇ ਬਾਵਜੂਦ ਮੋਦੀ ਸਰਕਾਰ ਨੇ ਦੇਵੀ ਸ਼ਕਤੀ ਨਾਂ ਦਾ ਪ੍ਰਾਜੈਕਟ ਲਿਆ ਕੇ ਅਫ਼ਗਾਨਿਸਤਾਨ ਤੋਂ 155 ਸਿੱਖ ਪਰਿਵਾਰਾਂ ਨੂੰ ਇੱਥੇ ਲਿਆਂਦਾ। ਇਸ ਮੌਕੇ ਸਮ੍ਰਿਤੀ ਇਰਾਨੀ ਨੇ ਸਨਅਤੀ ਸ਼ਹਿਰ ਦੇ ਪੱਛਮੀ ਹਲਕੇ ਤੋਂ ਉਮੀਦਵਾਰ ਬਿਕਰਮ ਸਿੰਘ ਸਿੱਧੂ ਅਤੇ ਕੇਂਦਰੀ ਹਲਕੇ ਤੋਂ ਉਮੀਦਵਾਰ ਗੁਰਦੇਵ ਸ਼ਰਮਾ ਦੇਬੀ ਦੇ ਹੱਕ ’ਚ ਚੋਣ ਪ੍ਰਚਾਰ ਵੀ ਕੀਤਾ।
‘ਪੰਜਾਬੀਆਂ ਲਈ ਕੰਮ ਕਰਨਾ ਭਾਜਪਾ ਲਈ ਮਾਣ ਵਾਲੀ ਗੱਲ’
ਖੰਨਾ (ਜੋਗਿੰਦਰ ਸਿੰਘ ਓਬਰਾਏ): ਸਮ੍ਰਿਤੀ ਇਰਾਨੀ ਨੇ ਅੱਜ ਹਲਕਾ ਖੰਨਾ ਤੋਂ ਭਾਜਪਾ ਉਮੀਦਵਾਰ ਗੁਰਪ੍ਰੀਤ ਸਿੰਘ ਭੱਟੀ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਦੇਸ਼ ਦੇ ਹਿੱਤ ਵਿਚ ਕੰਮ ਕਰਦੀ ਹੈ। ਸਿੱਖ ਭਾਈਚਾਰੇ ਅਤੇ ਪੰਜਾਬੀਆਂ ਲਈ ਕੰਮ ਕਰਨਾ ਭਾਜਪਾ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਖੇਤੀ ’ਤੇ ਖਰਚਾ ਘੱਟ ਅਤੇ ਕਮਾਈ ਜ਼ਿਆਦਾ ਕਰਨ ਲਈ ਕੰਮ ਕਰ ਰਹੀ ਹੈ। ਪਹਿਲੀ ਵਾਰ ਐੱਮਐੱਸਪੀ ਦਾ ਪੈਸਾ ਸਿੱਧਾ ਕਿਸਾਨਾਂ ਦੇ ਖਾਤੇ ਵਿਚ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭੱਟੀ ਦੇ ਚੋਣ ਜਿੱਤਣ ਦੇ 24 ਘੰਟਿਆਂ ਦੇ ਅੰਦਰ ਨੈਸ਼ਨਲ ਹਾਈਵੇਅ ਪੁਲ ਦੀਆਂ ਸਮੱਸਿਆਵਾਂ ਹੱਲ ਕਰ ਦਿੱਤੀਆਂ ਜਾਣਗੀਆਂ।