ਨਿੱਜੀ ਪੱਤਰ ਪ੍ਰੇਰਕ
ਫ਼ਿਰੋਜ਼ਪੁਰ, 16 ਫਰਵਰੀ
‘ਆਪ’ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਰਾਘਵ ਚੱਢਾ ਨੇ ਅੱਜ ਫ਼ਿਰੋਜ਼ਪੁਰ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਥਿਤ ਰੇਤ ਚੋਰ ਦੱਸਿਆ। ਉਹ ‘ਆਪ’ ਦੇ ਸ਼ਹਿਰੀ ਹਲਕੇ ਤੋਂ ਉਮੀਦਵਾਰ ਰਣਬੀਰ ਸਿੰਘ ਭੁੱਲਰ ਦੇ ਦਫ਼ਤਰ ਵਿੱਚ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਇਸ ਵਾਰ ਰੇਤ ਚੋਰਾਂ, ਭ੍ਰਿਸ਼ਟਾਚਾਰੀਆਂ ਤੇ ਨਸ਼ੇ ਦੇ ਸੌਦਾਗਰਾਂ ਨੂੰ ਮੂੰਹ ਨਹੀਂ ਲਾਉਣਗੇ ਅਤੇ ‘ਆਪ’ ਬਹੁਮਤ ਨਾਲ ਪੰਜਾਬ ਵਿੱਚ ਆਪਣੀ ਸਰਕਾਰ ਬਣਾਵੇਗੀ। ਰਾਘਵ ਚੱਢਾ ਨੇ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ ‘ਆਪ’ ਨੂੰ ਭਾਜਪਾ ਦੀ ਬੀ-ਟੀਮ ਕਹਿ ਰਹੀ ਹੈ, ਜਦਕਿ ਭਾਜਪਾ ਦੇ ਆਗੂ ‘ਆਪ’ ਨੂੰ ਕਾਂਗਰਸ ਦੀ ਬੀ-ਟੀਮ ਕਹਿ ਰਹੇ ਹਨ। ਇਥੋਂ ਸਪੱਸ਼ਟ ਹੁੰਦਾ ਹੈ ਕਿ ਦੋਵੇਂ ਪਾਰਟੀਆਂ ਦੇ ਆਗੂਆਂ ਨੂੰ ਆਪਣੀ ਹਾਰ ਦਿਖਾਈ ਦੇ ਰਹੀ ਹੈ।