ਜਸਬੀਰ ਸਿੰਘ ਚਾਨਾ
ਫਗਵਾੜਾ, 14 ਸਤੰਬਰ
ਫਗਵਾੜਾ ਗੋਲਡਨ ਸੰਧਰ ਖੰਡ ਮਿੱਲ ਦਾ ਗੰਨਾ ਦੂਜੀਆਂ ਖੰਡ ਮਿੱਲਾਂ ਨੂੰ ਅਲਾਟ ਹੋਣ ਕਾਰਨ ਕਿਸਾਨਾਂ ਨੇ ਮੁੜ ਸੰਘਰਸ਼ ਦਾ ਐਲਾਨ ਕੀਤਾ ਹੈ। ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਤੇ ਕ੍ਰਿਪਾਲ ਸਿੰਘ ਮੁਸਾਪੂਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮੀਟਿੰਗਾਂ ’ਚ ਕਿਸਾਨਾਂ ਨੂੰ ਭਰੋਸਾ ਦਿੱਤਾ ਸੀ ਕਿ ਸਰਕਾਰ ਫਗਵਾੜਾ ਮਿੱਲ ਨੂੰ ਚਲਾਉਣ ਲਈ ਹਰ ਹੀਲਾ ਵਰਤੇਗੀ। ਮੁੱਖ ਮੰਤਰੀ ਨੇ ਇਹ ਵੀ ਕਿਹਾ ਸੀ ਕਿ ਪੰਜਾਬ ਦੀ ਜੋ ਵੀ ਮਿੱਲ ਬੰਦ ਹੋਵੇਗੀ, ਉਸ ਨੂੰ ਸਰਕਾਰ ਖ਼ੁਦ ਚਲਾਵੇਗੀ, ਪਰ ਇਥੇ ਸਰਕਾਰ ਇੱਕ ਮਿੱਲ ਨੂੰ ਚਲਾਉਣ ਤੋਂ ਵੀ ਮੁੱਕਰਦੀ ਨਜ਼ਰ ਆ ਰਹੀ ਹੈ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਕੱਲ੍ਹ ਚੰਡੀਗੜ੍ਹ ਵਿੱਚ ਅਧਿਕਾਰੀਆਂ ਦੀ ਹੋਈ ਮੀਟਿੰਗ ਮਗਰੋਂ ਸਰਕਾਰ ਨੇ ਇੱਕ ਚਿੱਠੀ ਜਾਰੀ ਕੀਤੀ ਹੈ, ਜਿਸ ’ਚ ਕੇਨ ਕਮਿਸ਼ਨ ਪੰਜਾਬ ਨੇ 15 ਸਤੰਬਰ ਨੂੰ ਬਾਅਦ ਦੁਪਹਿਰ 3 ਵਜੇ ਸ਼ੂਗਰਫੈੱਡ ਦਫ਼ਤਰ ਫੇਜ਼-2 ਐੱਸਏਐੱਸ ਨਗਰ ਵਿੱਚ ਪਿੜਾਈ ਸੀਜ਼ਨ-2022-23 ਦੌਰਾਨ ਗੋਲਡਨ ਸੰਧਰ ਖੰਡ ਮਿੱਲ, ਫਗਵਾੜਾ ਦਾ ਗੰਨਾ ਦੂਜੀਆਂ ਖੰਡ ਮਿੱਲਾਂ ਨੂੰ ਅਲਾਟ ਕਰਨ ਸਬੰਧੀ ਮੀਟਿੰਗ ਬੁਲਾਈ ਹੈ।
ਉੱਧਰ ਭਾਰਤੀ ਕਿਸਾਨ ਯੂਨੀਅਨ ਦਾ ਵਫ਼ਦ ਅੱਜ ਐੱਸਡੀਐੱਮ ਵਿਸ਼ਵਾਸ ਬੈਂਸ ਤੇ ਨਾਇਬ ਤਹਿਸੀਲਦਾਰ ਪਵਨ ਕੁਮਾਰ ਨੂੰ ਮਿਲਿਆ ਤੇ ਸਰਕਾਰ ਵੱਲੋਂ ਆਪਣੇ ਵਾਅਦੇ ਤੋਂ ਮੁਕਰਨ ਸਬੰਧੀ ਰੋਸ ਜ਼ਾਹਰ ਕੀਤਾ। ਸ੍ਰੀ ਸਾਹਨੀ ਨੇ ਕਿਹਾ ਕਿ ਸਰਕਾਰ ਦੇ ਇਸ ਫ਼ੈਸਲੇ ਦਾ ਉਹ ਤਿੱਖਾ ਵਿਰੋਧ ਕਰਨਗੇ ਤੇ ਇਸ ਸਬੰਧੀ ਭਲਕੇ ਮੀਟਿੰਗ ਕਰਕੇ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ। ਉੱਧਰ ਅੱਜ ਕਿਸਾਨ ਆਗੂਆਂ ਵੱਲੋਂ ਅਗਲੇ ਸੰਘਰਸ਼ ਦਾ ਐਲਾਨ ਕਰਨ ਲਈ 16 ਸਤੰਬਰ ਨੂੰ 11 ਵਜੇ ਦਾਣਾ ਮੰਡੀ ਹੁਸ਼ਿਆਰਪੁਰ ਰੋਡ ਵਿੱਚ ਮੀਟਿੰਗ ਰੱਖੀ ਗਈ ਹੈ।
ਫਗਵਾੜਾ ਦੇ ਐੱਸਡੀਐੱਮ ਵੱਲੋਂ ਅਸਤੀਫ਼ਾ
ਐੱਸਡੀਐੱਮ ਸਤਵੰਤ ਸਿੰਘ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਜਾਣਕਾਰੀ ਮੁਤਾਬਕ ਉਹ ਹਾਲੇ ਕਰੀਬ 7-8 ਸਾਲ ਪਹਿਲਾਂ ਹੀ ਨੌਕਰੀ ’ਚ ਆਏ ਸਨ, ਪਰ ਅੱਜ ਉਨ੍ਹਾਂ ਅਚਾਨਕ ਆਪਣਾ ਅਸਤੀਫ਼ਾ ਲਿਫਾਫੇ ’ਚ ਪਾ ਕੇ ਸਟਾਫ਼ ਰਾਹੀਂ ਡਿਪਟੀ ਕਮਿਸ਼ਨਰ ਕੋਲ ਪਹੁੰਚਾਉਣ ਲਈ ਕਹਿ ਦਿੱਤਾ। ਡਿਪਟੀ ਕਮਿਸ਼ਨਰ ਵੱਲੋਂ ਅੱਜ ਲਾਲ ਵਿਸ਼ਵਾਸ ਐੱਸਡੀਐੱਮ, ਕਪੂਰਥਲਾ ਨੂੰ ਆਰਜ਼ੀ ਤੌਰ ’ਤੇ ਫਗਵਾੜਾ ਦਾ ਚਾਰਜ ਦਿੱਤਾ ਗਿਆ ਹੈ। ਸਥਾਨਕ ਲੋਕਾਂ ਵੱਲੋਂ ਉਨ੍ਹਾਂ ਦੇ ਅਸਤੀਫ਼ੇ ਦਾ ਕਾਰਨ ਸਥਾਨਕ ਗੰਨਾ ਮਿੱਲ ਕਾਰਨ ਲੰਬੇ ਸਮੇਂ ਤੋਂ ਤਣਾਅਪੂਰਨ ਬਣੀ ਹੋਈ ਸਥਿਤੀ ਅਤੇ ਸਿਖਰਲੇ ਪੱਧਰ ’ਤੋਂ ਪੈਣ ਵਾਲਾ ਦਬਾਅ ਮੰਨਿਆ ਜਾ ਰਿਹਾ ਹੈ। ਉਨ੍ਹਾਂ ਆਪਣਾ ਫ਼ੋਨ ਵੀ ਬੰਦ ਕੀਤਾ ਹੋਇਆ ਹੈ ਤੇ ਸੋਮਵਾਰ ਤੋਂ ਉਹ ਦਫ਼ਤਰ ਨਹੀਂ ਆਏ।