ਧਰਮਪਾਲ ਸਿੰਘ ਤੂਰ/ਦਵਿੰਦਰ ਮੋਹਨ ਬੇਦੀ
ਸੰਗਤ ਮੰਡੀ/ਗਿੱਦੜਬਾਹਾ, 29 ਜੁਲਾਈ
ਭਾਰਤ ਵੱਲੋਂ ਫਰਾਂਸ ਤੋਂ ਖਰੀਦੇ ਗਏ ਛੇ ਲੜਾਕੂ ਰਾਫਾਲ ਜਹਾਜ਼ਾਂ ਨੂੰ ਫਰਾਂਸ ਤੋਂ ਲਿਆਉਣ ਵਾਲੀ ਟੀਮ ਵਿਚੋਂ ਇਕ ਰਣਜੀਤ ਸਿੰਘ ਸਿੱਧੂ ਸਕੁਐਡਰਨ ਲੀਡਰ ਦਾ ਗਿੱਦੜਬਾਹਾ ਸ਼ਹਿਰ ਨਾਲ ਗੂੜ੍ਹਾ ਸਬੰਧ ਰਿਹਾ ਹੈ। ਰਣਜੀਤ ਸਿੰਘ ਪਿੰਡ ਰਾਏ-ਕੇ ਕਲਾਂ ਦੇ ਜ਼ਿਮੀਂਦਾਰ ਪਰਿਵਾਰ ਨਾਲ ਸਬੰਧਤ ਹੈ ਅਤੇ ਉਸ ਦੇ ਮਾਤਾ-ਪਿਤਾ ਅਤੇ ਭੈਣ ਇਸ ਸਮੇਂ ਕੈਨੇਡਾ ਰਹਿ ਰਹੇ ਹਨ। ਰਣਜੀਤ ਸਿੰਘ ਦੇ ਪਿਤਾ ਗੁਰਮੀਤ ਸਿੰਘ ਜ਼ਿਲ੍ਹੇਦਾਰ ਦੇ ਰੀਡਰ ਦੇ ਅਹੁਦੇ ਤੋਂ ਰਿਟਾਇਰ ਹੋਏ ਹਨ ਤੇ ਉਨ੍ਹਾਂ ਦੇ ਦਾਦਾ ਮਰਹੂਮ ਜਥੇਦਾਰ ਹਰਨੇਕ ਸਿੰਘ ਰਾਏ-ਕੇ-ਕਲਾਂ ਕਰੀਬ 25 ਸਾਲ ਸ਼੍ਰੋਮਣੀ ਕਮੇਟੀ ਮੈਂਬਰ ਰਹੇ ਸਨ। ਉਨ੍ਹਾਂ ਦੇ ਪਰਿਵਾਰ ਦੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਕਾਫੀ ਨੇੜਤਾ ਰਹੀ ਹੈ। ਰਣਜੀਤ ਸਿੰਘ ਨੇ ਆਪਣੀ ਮੁੱਢਲੀ ਸਿੱਖਿਆ ਪਿੰਡ ਦੇ ਪ੍ਰਾਇਮਰੀ ਸਕੂਲ ਅਤੇ ਬਾਰ੍ਹਵੀਂ ਗਿੱਦੜਬਾਹਾ ਦੇ ਮਾਲਵਾ ਸਕੂਲ ਤੋਂ ਕੀਤੀ। ਆਪਣੀ ਉਚੇਰੀ ਸਿੱਖਿਆ ਉਸ ਨੇ ਚੰਡੀਗੜ੍ਹ ਤੋਂ ਗ੍ਰਹਿਣ ਕੀਤੀ। ਮਾਲਵਾ ਸਕੂਲ ਦੇ ਪ੍ਰਿੰਸੀਪਲ ਰਿਟਾਇਰਡ ਕਰਨਲ ਸੁਧਾਂਸ਼ੂ ਆਰਿਆ ਨੇ ਕਿਹਾ ਕਿ ਸਕੂਲ ਲਈ ਮਾਣ ਵਾਲੀ ਗੱਲ ਹੈ ਕਿ ਸਕੂਲ ਦਾ ਸਾਬਕਾ ਵਿਦਿਆਰਥੀ ਰਣਜੀਤ ਸਿੰਘ ਇਸ ਮੁਕਾਮ ’ਤੇ ਪੁੱਜਾ ਹੈ।
ਰਣਜੀਤ ਸਿੰਘ ਦੇ ਸਹੁਰਾ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ
ਧੂਰੀ (ਹਰਦੀਪ ਸਿੰਘ ਸੋਢੀ): ਰਾਫਾਲ ਲਿਆਉਣ ਵਾਲੇ 5 ਕਮਾਂਡਰਾਂ ਵਿਚ ਸ਼ਾਮਲ ਵਿੰਗ ਕਮਾਂਡਰ ਰਣਜੀਤ ਸਿੰਘ ਸਿੱਧੂ ਦੇ ਧੂਰੀ ਵਿਚ ਸਥਿਤ ਸਹੁਰੇ ਪਰਿਵਾਰ ’ਚ ਖੁਸ਼ੀ ਦਾ ਮਾਹੌਲ ਹੈ। ਸਹੁਰਾ ਪਰਿਵਾਰ ’ਚ ਸ਼ਾਮਲ ਹਰਭਜਨ ਸਿੰਘ ਤੂਰ, ਰਣਧੀਰ ਸਿੰਘ ਤੂਰ, ਕਾਕਾ ਤੂਰ ਆਦਿ ਨੇ ਕਿਹਾ ਕਿ ਰਣਜੀਤ ਸਿੰਘ ਨੇ ਉਨ੍ਹਾਂ ਦਾ ਸਿਰ ਫਖ਼ਰ ਨਾਲ ਉੱਚਾ ਕੀਤਾ ਹੈ। ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਰਣਜੀਤ ਸਿੰਘ ਦੇ ਸਹੁਰੇ ਪਰਿਵਾਰ ਦਾ ਮੂੰਹ ਵੀ ਮਿੱਠਾ ਕਰਵਾਇਆ ਤੇ ਉਨ੍ਹਾਂ ਨੂੰ ਵਧਾਈ ਦਿੱਤੀ।