ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 10 ਫਰਵਰੀ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ ਚੋਣ ਪ੍ਰਚਾਰ ਲਈ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਦੇ ਨਾਲ ਹੁਣ ਉਨ੍ਹਾਂ ਦੀ ਬੇਟੀ ਰਾਬੀਆ ਸਿੱਧੂ ਵੀ ਮੈਦਾਨ ’ਚ ਉਤਰ ਆਈ ਹੈ। ਰਾਬੀਆ ਨੇ ਅੱਜ ਅਕਾਲੀ ਉਮੀਦਵਾਰ ਬਿਕਰਮ ਸਿੰਘ ਮਜੀਠੀਆ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਮਜੀਠਾ ਹਲਕਾ ਨਸ਼ੇ ਦਾ ਗੜ੍ਹ ਬਣ ਚੁੱਕਿਆ ਹੈ, ਜਿਥੇ ਨਸ਼ਾ ਕਰਿਆਨੇ ਦੀਆਂ ਦੁਕਾਨਾਂ ’ਤੇ ਵੀ ਮਿਲਦਾ ਹੈ। ਉਸ ਨੇ ਕਿਹਾ ਕਿ ਇਹ ਲੜਾਈ ਹੁਣ ਸੱਚ ਅਤੇ ਝੂਠ ਵਿਚਾਲੇ ਜੰਗ ਹੈ।
ਪੂਰਬੀ ਹਲਕੇ ਵਿੱਚ ਚੋਣ ਪ੍ਰਚਾਰ ਦੌਰਾਨ ਰਾਬੀਆ ਸਿੱਧੂ ਨੇ ਕਿਹਾ ਕਿ ਲੋਕਾਂ ਨੇ ਪੰਜਾਬ ਵਿੱਚ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣਾ ਅਤੇ ਉਨ੍ਹਾਂ ਦਾ ਭਵਿੱਖ ਬਣਾਉਣਾ ਹੈ ਜਾਂ ਨਹੀਂ। ਰਾਬੀਆ ਨੇ ਕਿਹਾ ਕਿ ਲੋਕ ਦੋਵੇਂ ਉਮੀਦਵਾਰਾਂ ਵਿਚਾਲੇ ਤੁਲਨਾ ਕਰਕੇ ਵੋਟ ਪਾਉਣ। ਰਾਬੀਆ ਨੇ ਦੋਸ਼ ਲਾਇਆ ਕਿ ਮਜੀਠਾ ਵਿੱਚ ਕਰਿਆਨੇ ਦੀਆਂ ਦੁਕਾਨਾਂ ’ਤੇ 20-20 ਰੁਪਏ ਵਿੱਚ ਨਸ਼ੇ ਵਿਕਣ ਲੱਗ ਪਏ ਹਨ। ਉਸ ਨੇ ਦੋਸ਼ ਲਾਇਆ ਕਿ ਅਕਾਲੀ ਆਗੂ ਆਪਣੀ ਚੋਣ ਪ੍ਰਚਾਰ ਸਮੱਗਰੀ ਲੋਕਾਂ ਦੇ ਘਰਾਂ ਦੇ ਬਾਹਰ ਜਬਰੀ ਲਗਵਾਉਣ ਲਈ ਡਰਾ ਧਮਕਾ ਰਹੇ ਹਨ। ਸਿੱਧੂ ਪਰਿਵਾਰ ਦੀ ਆਰਥਿਕ ਸਥਿਤੀ ਕਮਜ਼ੋਰ ਹੋਣ ਬਾਰੇ ਰਾਬੀਆ ਨੇ ਕਿਹਾ ਕਿ ਉਸ ਦੇ ਮਾਤਾ-ਪਿਤਾ ਭਾਵੁਕ ਹੋ ਕੇ ਇਸ ਬਾਰੇ ਗੱਲ ਕਰ ਰਹੇ ਹਨ। ਜਦਕਿ ਉਸ ਨੇ ਖ਼ੁਦ ਕਿਹਾ ਸੀ ਕਿ ਜਦੋਂ ਤਕ ਉਸ ਦੇ ਪਿਤਾ ਦੀ ਜਿੱਤ ਨਹੀਂ ਹੁੰਦੀ, ਉਹ ਵਿਆਹ ਨਹੀਂ ਕਰਵਾਏਗੀ।