ਸੰਗਰੂਰ (ਗੁਰਦੀਪ ਸਿੰਘ ਲਾਲੀ): ਮਾਲੇਰਕੋਟਲਾ ਕੁਰਾਨ ਸਰੀਫ਼ ਬੇਅਦਬੀ ਕੇਸ ਦਾ ਫ਼ੈਸਲਾ ਸੁਣਾਉਂਦਿਆਂ ਏਸੀਜੀਐੱਮ ਪ੍ਰਸ਼ਾਂਤ ਵਰਮਾ ਦੀ ਅਦਾਲਤ ਨੇ ਅੱਜ ਦਿੱਲੀ ਤੋਂ ‘ਆਪ’ ਵਿਧਾਇਕ ਨਰੇਸ਼ ਯਾਦਵ ਸਮੇਤ ਦੋ ਜਣਿਆਂ ਨੂੰ ਬਰੀ ਕਰ ਦਿੱਤਾ ਹੈ ਜਦੋਂਕਿ ਦੋ ਨੂੰ ਦੋਸ਼ੀ ਮੰਨਦਿਆਂ ਦੋ-ਦੋ ਸਾਲ ਦੀ ਕੈਦ ਅਤੇ 11-11 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤੀ ਫ਼ੈਸਲੇ ਤੋਂ ਬਾਅਦ ਵਿਧਾਇਕ ਨਰੇਸ਼ ਯਾਦਵ ਵੱਲੋਂਂ ਕੇਸ ਦੀ ਪੈਰਵੀ ਕਰਨ ਵਾਲੇ ਵਕੀਲ ਨਰਪਾਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੁਲੀਸ ਨੇ ਬੇਅਦਬੀ ਕੇਸ ਵਿੱਚ ਵਿਜੈ ਕੁਮਾਰ, ਨੰਦ ਕਿਸ਼ੋਰ ਅਤੇ ਗੌਰਵ ਖੰਜੂਰੀਆ ਨੂੰ ਗ੍ਰਿਫ਼ਤਾਰ ਕੀਤਾ ਸੀ ਤੇ ਬਾਅਦ ਵਿੱਚ ਵਿਧਾਇਕ ਨਰੇਸ਼ ਯਾਦਵ ਨੂੰ ਵੀ ਕੇਸ ਵਿੱਚ ਨਾਮਜ਼ਦ ਕਰ ਦਿੱਤਾ ਗਿਆ ਸੀ। ਪੰਜ ਸਾਲ ਤੱਕ ਚੱਲੀ ਸੁਣਵਾਈ ਤੋਂ ਬਾਅਦ ਅੱਜ ਅਦਾਲਤ ਨੇ ਫ਼ੈਸਲਾ ਸੁਣਾਉਂਦਿਆਂ ਨਰੇਸ਼ ਯਾਦਵ ਤੇ ਨੰਦ ਕਿਸ਼ੋਰ ਨੂੰ ਬਰੀ ਕਰ ਦਿੱਤਾ ਹੈ ਜਦੋਂਕਿ ਵਿਜੈ ਕੁਮਾਰ ਤੇ ਗੌਰਵ ਖੰਜੂਰੀਆ ਨੂੰ ਦੋਸ਼ੀ ਮੰਨਦਿਆਂ ਦੋ-ਦੋ ਸਾਲ ਦੀ ਕੈਦ ਤੇ 11-11 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
ਜ਼ਿਕਰਯੋਗ ਹੈ ਕਿ 24 ਜੂਨ 2016 ਦੀ ਰਾਤ ਨੂੰ ਮਾਲੇਰਕੋਟਲਾ ਵਿੱਚ ਕੁਰਾਨ ਸਰੀਫ਼ ਦੀ ਬੇਅਦਬੀ ਹੋਣ ਦੀ ਘਟਨਾ ਵਾਪਰੀ ਸੀ। ਗੱਡੀ ’ਚ ਸਵਾਰ ਕੁਝ ਲੋਕਾਂ ਨੇ ਕੁਰਾਨ ਸਰੀਫ਼ ਦੇ ਪੱਤਰਿਆਂ ਨੂੰ ਖਲਾਰ ਦਿੱਤਾ ਸੀ। ‘ਆਪ’ ਆਗੂ ਨਰੇਸ਼ ਯਾਦਵ ਨੇ ਕਿਹਾ ਕਿ ਅੱਜ ਸੱਚ ਦੀ ਜਿੱਤ ਹੋਈ ਹੈ। ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਉਸ ਸਮੇਂ ਦੀ ਸਰਕਾਰ ਨੇ ਸਾਜ਼ਿਸ਼ ਤਹਿਤ ਨਰੇਸ਼ ਯਾਦਵ ਨੂੰ ਫਸਾਇਆ ਸੀ।