ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 13 ਮਾਰਚ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਜ ਸਰਕਾਰ ਦੀਆਂ ਚਾਰ ਵਰ੍ਹਿਆਂ ਦੀਆਂ ਪ੍ਰਾਪਤੀਆਂ ਦੱਸਣ ਲਈ ਕੀਤੀ ਜਾਣ ਵਾਲੀ ਪ੍ਰੈਸ ਕਾਨਫਰੰਸ ਲਈ ਪੰਜਾਬ ਸਰਕਾਰ ਵੱਲੋਂ ਮੀਡੀਆ ਤੋਂ ਅਗਾਊ ਸੁਆਲ ਮੰਗੇ ਜਾਣ ’ਤੇ ਸੁਆਲ ਖੜ੍ਹੇ ਹੋਏ ਹਨ। ਮੁੱਖ ਮੰਤਰੀ ਦੀ ਪਿਛਲੇ ਅਰਸੇ ਦੌਰਾਨ ਦੀ ਇਹ ਦੂਸਰੀ ਪ੍ਰੈੱਸ ਕਾਨਫਰੰਸ ਹੋਣੀ ਹੈ ਜਿਸ ਵਾਸਤੇ ਮੀਡੀਆ ਤੋਂ ਸੁਆਲਾਂ ਦੀ ਅਗਾਊ ਮੰਗ ਕੀਤੀ ਗਈ ਹੈ। ਆਮ ਤੌਰ ’ਤੇ ਅਜਿਹਾ ਨਹੀਂ ਹੁੰਦਾ ਹੈ ਕਿਉਂਕਿ ਮੀਡੀਆ ਤਰਫੋਂ ਮੌਕੇ ’ਤੇ ਹੀ ਮੁੱਖ ਮੰਤਰੀ ਨੂੰ ਸੁਆਲ ਕੀਤੇ ਜਾਂਦੇ ਹਨ।
ਪੰਜਾਬ ਸਰਕਾਰ ਤਰਫੋਂ ਮੀਡੀਆ ਨੂੰ ਇਹ ਸੁਨੇਹੇ ਭੇਜੇ ਗਏ ਹਨ ਕਿ ਉਹ ਆਪੋ ਆਪਣੇ ਸੁਆਲ ਅਗਾਊ ਭੇਜ ਦੇਣ। ਮੁੱਖ ਮੰਤਰੀ ਦੀ ਪਿਛਲੀ ਪ੍ਰੈੱਸ ਕਾਨਫਰੰਸ ਵਿੱਚ ਵੀ ਏਦਾਂ ਹੀ ਹੋਇਆ ਸੀ ਕਿ ਚੋਣਵੇਂ ਸੁਆਲ ਮੁੱਖ ਮੰਤਰੀ ਅੱਗੇ ਰੱਖੇ ਗਏ ਸਨ। ਮੀਡੀਆ ਵਿਚ ਇਸ ਗੱਲੋਂ ਅੰਦਰੋਂ ਅੰਦਰੀ ਇਤਰਾਜ਼ ਵੀ ਹੈ ਕਿ ਇਹ ਕਿਥੋਂ ਦੀ ਰਵਾਇਤ ਹੈ ਕਿ ਪੱਤਰਕਾਰ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਹੀ ਸਰਕਾਰ ਕੋਲ ਆਪਣੇ ਸੁਆਲ ਭੇਜ ਦੇਣ।
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਜਾਰੀ ਪ੍ਰੈੱਸ ਬਿਆਨ ’ਚ ਕਿਹਾ ਕਿ ਕਾਂਗਰਸ ਸਰਕਾਰ ਲੋਕਾਂ ਦਾ ਸਾਹਮਣਾ ਕਰਨ ਦੀ ਤਾਂ ਗੱਲ ਹੀ ਛੱਡੋ, ਹੁਣ ਮੀਡੀਆ ਦਾ ਸਾਹਮਣਾ ਕਰਨ ਦੇ ਵੀ ਯੋਗ ਨਹੀਂ ਰਹੀ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਮੀਡੀਆ ਵਾਲਿਆਂ ਤੋਂ ਪਹਿਲਾਂ ਸੁਆਲ ਮੰਗੇ ਗਏ ਹਨ। ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਦੱਸਣ ਕਿ ਉਹ ਪਹਿਲਾਂ ਤੋਂ ਫਿਕਸ ਪ੍ਰੈਸ ਕਾਨਫਰੰਸ ਕਿਉਂ ਕਰਨਾ ਚਾਹੁੰਦੇ ਹਨ।
ਅਕਾਲੀ ਆਗੂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਅਜਿਹੀਆਂ ਸਖ਼ਤ ਹਦਾਇਤਾਂ ਜਾਰੀ ਕਰ ਕੇ ਲੋਕਤੰਤਰ ਦੇ ਚੌਥੇ ਥੰਮ੍ਹ ਦਾ ਅਪਮਾਨ ਕੀਤਾ ਹੈ। ਅਜਿਹਾ ਵਿਵਹਾਰ ਲੋਕਤੰਤਰ ਵਾਸਤੇ ਚੰਗਾ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਬਹੁਤ ਕੁਝ ਛੁਪਾਉਣਾ ਚਾਹ ਰਹੀ ਹੈ ਤੇ ਮੁੱਖ ਮੰਤਰੀ ਇਹ ਨਹੀਂ ਦੱਸਣਾ ਚਾਹੁੰਦੇ ਕਿ ਉਨ੍ਹਾਂ ਨੇ ਪਵਿੱਤਰ ਗੁਟਕਾ ਸਾਹਿਬ ਦੀ ਝੂਠੀ ਸਹੁੰ ਕਿਉਂ ਚੁੱਕੀ ਤੇ ਕਿਸਾਨਾਂ ਲਈ ਪੂਰਨ ਕਰਜ਼ਾ ਮੁਆਫੀ, ਹਰ ਘਰ ਨੌਕਰੀ, 2500 ਰੁਪਏ ਬੇਰੁਜ਼ਗਾਰੀ ਭੱਤੇ ਤੋਂ ਇਲਾਵਾ ਬਹੁਤ ਸਾਰੀਆਂ ਸਮਾਜ ਭਲਾਈ ਸਕੀਮਾਂ ਦਾ ਝੂਠਾ ਵਾਅਦਾ ਕਿਉਂ ਕੀਤਾ।