ਇਕਬਾਲ ਸਿੰਘ ਸ਼ਾਂਤ
ਲੰਬੀ, 4 ਅਕਤੂਬਰ
ਖੇਤੀ ਬਿੱਲਾਂ ’ਤੇ ਮੋਦੀ ਸਰਕਾਰ ਨੂੰ ਘੇਰਨ ਪੁੱਜੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਲਗਪਗ ਹਰ ਗਲੀ-ਮੁਹੱਲੇ ’ਚ ਪੋਸਟਰ ਲਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਘੇਰਾ ਪਾ ਲਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਨੇ ਸੂਬੇ ਭਰ ਵਿਚ ਫਲੈਕਸ, ਹੋਰਡਿੰਗ ਲਗਾ ਕੇ ਰਾਹੁਲ ਗਾਂਧੀ ਤੋਂ ਖੇਤੀ ਬਿੱਲਾਂ ਸਬੰਧੀ ਕਾਂਗਰਸ ਦੀ ਕਿਸਾਨੀ ਪ੍ਰਤੀ ਕਾਰਗੁਜ਼ਾਰੀ ਅਤੇ ਕਾਰਵਾਈ ਬਾਰੇ ਪੰਜ ਸਵਾਲ ਪੁੱਛੇ। ਸੂਬੇ ਵਿੱਚ ਕਈ ਥਾਵਾਂ ’ਤੇ ਫਲੈਕਸ ਆਦਿ ਲਾਉਣ ਸਬੰਧੀ ਪੁਲੀਸ ਵੱਲੋਂ ਯੂਥ ਅਕਾਲੀ ਵਰਕਰਾਂ ਨੂੰ ਫੜੇ ਜਾਣ ਦੀਆਂ ਰਿਪੋਰਟਾਂ ਹਨ।
ਯੂਥ ਅਕਾਲੀ ਦਲ ਨੇ ਸੂਬੇ ਭਰ ’ਚ ਪੰਜ ਸਵਾਲਾਂ ਵਾਲੇ ਸੈਂਕੜੇ ਫਲੈਕਸ ਬੋਰਡ ਲਗਾਏ ਹਨ। ਇਨ੍ਹਾਂ ’ਤੇ ਲਿਖਿਆ ਗਿਆ ਹੈ, ‘ਹੁਣ ਕੇਂਦਰ ਸਰਕਾਰ ਵੱਲੋਂ ਰਾਜ ਸਭਾ ’ਚ ਪਾਸ ਕੀਤੇ ਗਏ ਖੇਤੀ ਬਿੱਲ, ਤੁਸੀਂ ਆਪਣੇ ਚੋਣ ਮੈਨੀਫੈਸਟੋ ਵਿਚ ਕਿਉਂ ਪਾਏ ਸਨ?’ ਦੂਜਾ ਸਵਾਲ ਹੈ, ‘ਜਦੋਂ ਬਿੱਲਾਂ ਦੇ ਵਿਰੋਧ ਦਾ ਸਮਾਂ ਆਇਆ, ਉਸ ਵੇਲੇ ਤੁਸੀਂ (ਰਾਹੁਲ) ਅਤੇ ਤੁਹਾਡੇ ਸੰਸਦ ਮੈਂਬਰ ਲੋਕ ਸਭਾ ’ਚੋਂ ਗ਼ੈਰਹਾਜ਼ਰ ਕਿਉਂ ਰਹੇ?’ਇਸੇ ਤਰ੍ਹਾਂ ਮਹਾਰਾਸ਼ਟਰ ਵਿਚ ਸ਼ਿਵ ਸੈਨਾ ਨੂੰ ਸਮਰਥਨ ਦੇਣ, ਕਿਸਾਨੀ ਨੂੰ ਬਚਾਉਣ ਵਾਸਤੇ ਸੂਬੇ ਨੂੰ ਏਪੀਐੱਮਸੀ ਮੰਡੀ ਬਣਾਉਣ ਸਬੰਧੀ ਐਲਾਨ ਨਾ ਕਰਨ, ਖੇਤੀ ਬਿੱਲਾਂ ਵਿਰੁੱਧ ਪਾਸ ਕੀਤੇ ਮਤੇ ਨੂੰ ਕੇਂਦਰ ਸਰਕਾਰ ਕੋਲ ਨਾ ਭੇਜਣ ਸਬੰਧੀ ਜਵਾਬਤਲਬੀ ਕੀਤੀ ਗਈ ਹੈ।
ਅਕਾਲੀ ਦਲ (ਬ) ਦੇ ਕੌਮੀ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਕਿ ਰਾਹੁਲ ਗਾਂਧੀ ਦਾ ਟਰੈਕਟਰ ਮਾਰਚ ਪੰਜਾਬ ’ਚ ਉਨ੍ਹਾਂ ਦੀ ਆਪਣੀ ਅਤੇ ਕਾਂਗਰਸ ਪਾਰਟੀ ਦੀ ਸਿਆਸੀ ਜ਼ਮੀਨ ਬਚਾਉਣ ਦੀ ਆਖ਼ਰੀ ਕੋਸ਼ਿਸ਼ ਵਜੋਂ ਵਿਚਾਰਿਆ ਜਾ ਰਿਹਾ ਹੈ ਅਤੇ ਜੇ ਰਾਹੁਲ ਗਾਂਧੀ ਸੱਚਮੁੱਚ ਗੰਭੀਰ ਹਨ ਤਾਂ ਉਮੀਦ ਰੱਖੀ ਜਾ ਸਕਦੀ ਹੈ ਕਿ ਉਹ ਇਨ੍ਹਾਂ ਸਵਾਲਾਂ ਦੇ ਜਵਾਬ ਦੇ ਕੇ ਜਾਣਗੇ।
ਅਕਾਲੀ ਦਲ ਆਪਣੀ ਕਾਰਗੁਜ਼ਾਰੀ ਦੇਖੇ: ਅਬੁਲਖੁਰਾਣਾ
ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਜਗਪਾਲ ਸਿੰਘ ਅਬੁਲਖੁਰਾਣਾ ਨੇ ਕਿਹਾ ਕਿ ਕਾਂਗਰਸ ਤੋਂ ਸਵਾਲ ਪੁੱਛਣ ਤੋਂ ਪਹਿਲਾਂ ਅਕਾਲੀ ਦਲ ਆਪਣੀ ਕਾਰਗੁਜ਼ਾਰੀ ’ਤੇ ਪੜਚੋਲ ਕਰ ਕੇ ਸਥਿਤੀ ਸਪੱਸ਼ਟ ਕਰੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਐੱਮ.ਐੱਸ.ਪੀ. ਕਾਂਗਰਸ ਦੀ ਦੇਣ ਹੈ ਅਤੇ ਹੁਣ ਵੀ ਕਾਂਗਰਸ ਕਿਸਾਨਾਂ ਦੇ ਨਾਲ ਹੈ।