ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 28 ਜੂਨ
ਪੰਜਾਬ ਵਿਧਾਨ ਸਭਾ ਵਿੱਚ ਅੱਜ ਪ੍ਰਸ਼ਨ ਕਾਲ ਦੌਰਾਨ ਘੱਗਰ ਦੀ ਮਾਰ ਦਾ ਮੁੱਦਾ ਉੱਛਲਿਆ। ਲਹਿਰਾਗਾਗਾ ਤੋਂ ਵਿਧਾਇਕ ਬਰਿੰਦਰ ਕੁਮਾਰ ਗੋਇਲ ਦੇ ਸੁਆਲ ਦੇ ਜੁਆਬ ਵਿੱਚ ਜਲ ਸਰੋਤ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਘੱਗਰ ਦਰਿਆ ਨੂੰ ਪਿੰਡ ਮਕਰੋੜ ਸਾਹਿਬ ਤੋਂ ਕੜੈਲ ਤੱਕ ਚੌੜਾ ਨਹੀਂ ਕੀਤਾ ਗਿਆ ਹੈ, ਜਿਸ ਬਾਰੇ ਤਜਵੀਜ਼ ਤਿਆਰ ਕੀਤੀ ਜਾ ਰਹੀ ਹੈ। ਹਰਿਆਣਾ ਸਰਕਾਰ ਵੱਲੋਂ ਇਸ ’ਤੇ ਇਤਰਾਜ਼ ਕੀਤੇ ਗਏ ਹਨ ਅਤੇ ਇਹ ਤਜਵੀਜ਼ ਘੱਗਰ ਸਟੈਂਡਿੰਗ ਕਮੇਟੀ ਵਿੱਚ ਲੰਬਿਤ ਹੈ। ਵਿਧਾਇਕ ਬਰਿੰਦਰ ਗੋਇਲ ਨੇ ਕਿਹਾ ਕਿ 25 ਵਰ੍ਹਿਆਂ ਤੋਂ ਘੱਗਰ ਦਰਿਆ ਲਹਿਰਾਗਾਗਾ ਇਲਾਕੇ ਵਿੱਚ 10 ਹਜ਼ਾਰ ਏਕੜ ਰਕਬੇ ਵਿੱਚ ਫ਼ਸਲਾਂ ਤਬਾਹ ਕਰ ਰਿਹਾ ਹੈ, ਜਿਸ ਨਾਲ ਕਿਸਾਨਾਂ ਦਾ ਮਾਲੀ ਨੁਕਸਾਨ ਹੁੰਦਾ ਹੈ। ਜੁਆਬ ਵਿੱਚ ਮੰਤਰੀ ਨੇ ਕਿਹਾ ਕਿ ਉਹ ਘੱਗਰ ਸਟੈਂਡਿੰਗ ਕਮੇਟੀ ਤੱਕ ਪਹੁੰਚ ਕਰਨਗੇ। ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਦੇ ਸੁਆਲ ਦੇ ਜੁਆਬ ਵਿੱਚ ਬਿਜਲੀ ਮੰਤਰੀ ਹਰਭਜਨ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਚੇਅਰਮੈਨ ਕੋਟੇ ਅਧੀਨ 6883 ਖੇਤੀ ਟਿਊਬਵੈੱਲ ਕੁਨੈਕਸ਼ਨ ਬਕਾਇਆ ਹਨ, ਜਿਨ੍ਹਾਂ ਵਿੱਚੋਂ 6543 ਲਾਭਪਾਤਰੀਆਂ ਨੇ ਸਕਿਉਰਿਟੀ ਫੀਸ ਵੀ ਜਮ੍ਹਾ ਕਰਵਾ ਦਿੱਤੀ ਹੈ। ਵਿਧਾਇਕ ਨੇ ਮੰਗ ਕੀਤੀ ਕਿ ਜੇਕਰ ਕੁਨੈਕਸ਼ਨ ਜਾਰੀ ਨਹੀਂ ਕੀਤੇ ਜਾਣੇ ਤਾਂ ਵਿਆਜ ਸਮੇਤ ਸਕਿਉਰਟੀ ਫੀਸ ਮੋੜੀ ਜਾਵੇ। ਮੰਤਰੀ ਨੇ ਕਿਹਾ ਕਿ ਉਹ ਵਿਆਜ ਨਹੀਂ ਪਰ ਮੂਲ ਵਾਪਸ ਕਰਨ ਲਈ ਤਿਆਰ ਹਨ। ਲਾਭ ਸਿੰਘ ਉਗੋਕੇ ਦੇ ਸੁਆਲ ਦੇ ਜੁਆਬ ਵਿੱਚ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ 60 ਸਾਲ ਤੋਂ ਉਪਰ ਦੇ ਅੰਗਹੀਣ ਵਿਅਕਤੀਆਂ ਨੂੰ ਬੁਢਾਪਾ ਪੈਨਸ਼ਨ ਦੇਣ ਦੀ ਕੋਈ ਤਜਵੀਜ਼ ਨਹੀਂ ਹੈ।
ਵਿਧਾਇਕ ਦਿਨੇਸ਼ ਚੱਢਾ ਦੇ ਸੁਆਲ ਦੇ ਜੁਆਬ ਵਿੱਚ ਜੰਗਲਾਤ ਮੰਤਰੀ ਨੇ ਦੱਸਿਆ ਕਿ ਰੋਪੜ ਦੇ ਪਿੰਡ ਕਰੂਰਾਂ ਵਿੱਚ ਜੰਗਲਾਤ ਦੀ ਰਾਖਵੀਂ ਜ਼ਮੀਨ ਨੂੰ ਗੈਰ-ਰਾਖਵੀਂ ਦਿਖਾ ਕੇ ਅੱਗੇ ਵੇਚਣ ਦੇ ਮਾਮਲੇ ਵਿੱਚ ਜ਼ਿੰਮੇਵਾਰ ਵਿਅਕਤੀਆਂ ’ਤੇ ਪੁਲੀਸ ਕੇਸ ਦਰਜ ਹੋ ਚੁੱਕਿਆ ਹੈ ਅਤੇ ਹੋਏ ਨੁਕਸਾਨ ਦੀ ਭਰਪਾਈ ਵੀ ਸਬੰਧਤ ਲੋਕਾਂ ਤੋਂ ਕੀਤੀ ਜਾਵੇਗੀ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਡਾ. ਚਰਨਜੀਤ ਸਿੰਘ ਦੇ ਸੁਆਲ ਦੇ ਜੁਆਬ ਵਿੱਚ ਕਿਹਾ ਕਿ ਸਰਕਾਰੀ ਮੁਲਾਜ਼ਮਾਂ ਨੂੰ ਸਾਲ 2016 ਤੋਂ ਲਾਗੂ ਕੀਤੇ ਗਏ ਛੇਵੇਂ ਪੇਅ ਕਮਿਸ਼ਨ ਦੇ ਬਣਦੇ ਏਰੀਅਰ ਦੀ ਅਦਾਇਗੀ ਬਾਰੇ ਇਸ ਸਮੇਂ ਕੋਈ ਸਮਾਂ ਸੀਮਾ ਨਿਸ਼ਚਿਤ ਕਰਨਾ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਕੈਬਨਿਟ ਦੇ ਵਿਚਾਰ ਅਧੀਨ ਹੈ।
ਕਮਾਹੀ ਦੇਵੀ ਵਿੱਚ ਨਵਾਂ ਬੱਸ ਅੱਡਾ ਬਣਾਉਣ ਬਾਰੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਟਰਾਂਸਪੋਰਟ ਵਿਭਾਗ ਵੱਲੋਂ ਇਸ ਬਾਰੇ ਪ੍ਰਬੰਧਕੀ ਪ੍ਰਵਾਨਗੀ ਜਾਰੀ ਕੀਤੀ ਗਈ ਹੈ ਤੇ ਫੰਡ ਮਿਲਣ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ। ਧਾਲੀਵਾਲ ਨੇ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਨੀਂਹ ਪੱਥਰਾਂ ਦੀ ਭਰਮਾਰ ਰਹੀ ਅਤੇ ਲੋਕ ਹੁਣ ਸਰਕਾਰ ਨੂੰ ਪੁੱਛ ਰਹੇ ਹਨ ਕਿ ਬੱਸ ਅੱੱਡੇ ਕਦੋਂ ਬਣਨਗੇ। ਰਾਜਾ ਵੜਿੰਗ ਨੇ ਮੋੜਵੇਂ ਜੁਆਬ ਵਿੱਚ ਕਿਹਾ ਕਿ ਕਾਂਗਰਸ ਸਰਕਾਰ ਨੇ ਪ੍ਰਾਜੈਕਟਾਂ ਲਈ ਪਹਿਲਾਂ ਪੈਸੇ ਦਿੱਤੇ ਸਨ।
ਮਾਝੇ ਵਿੱਚ ਮੈਡੀਕਲ ਕਾਲਜ ਬਣਾਵਾਂਗੇ: ਮੁੱਖ ਮੰਤਰੀ
ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਸੁਆਲ ਦੇ ਜੁਆਬ ਵਿੱਚ ਕਿਹਾ ਕਿ ਮਾਝੇ ਖਿੱਤੇ ਵਿੱਚ ਇੱਕ ਮੈਡੀਕਲ ਕਾਲਜ ਬਣਾਇਆ ਜਾਵੇਗਾ। ਵਿਧਾਇਕ ਸ਼ੈਰੀ ਕਲਸੀ ਨੇ ਬਟਾਲਾ ਵਿੱਚ 500 ਬੈੱਡਾਂ ਦਾ ਹਸਪਤਾਲ ਬਣਾਏ ਜਾਣ ਦੀ ਮੰਗ ਰੱਖੀ ਸੀ। ਮੁੱਖ ਮੰਤਰੀ ਨੇ ਕਿਹਾ ਕਿ ਬਟਾਲਾ ਵਿੱਚ 80 ਬੈੱਡ ਦੇ ਹਸਪਤਾਲ ਨੂੰ 200 ਬੈੱਡਾਂ ਦਾ ਹਸਪਤਾਲ ਬਣਾ ਕੇ ਅਪਗਰੇਡ ਕੀਤਾ ਜਾਵੇਗਾ। ਇਸੇ ਤਰ੍ਹਾਂ ਖਟਕਲ ਕਲਾਂ ਵਿੱਚ ਵੀ ਮੈਡੀਕਲ ਕਾਲਜ ਬਣਾਏ ਜਾਣ ਦੀ ਵਿਉਂਤ ਉਲੀਕੀ ਜਾਵੇਗੀ।
ਆਂਗਣਵਾੜੀ ਵਰਕਰਾਂ ਦੇ ਭੱਤੇ ਵਿੱਚ ਜਨਵਰੀ ਤੋਂ ਵਾਧਾ
ਵਿਧਾਇਕ ਅਵਤਾਰ ਸਿੰਘ ਜੂਨੀਅਰ ਦੇ ਸੁਆਲ ਦੇ ਜੁਆਬ ਵਿੱਚ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਵਿੱਚ ਮਾਰਚ 2021 ਤੋਂ ਬਾਅਦ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਭਰਤੀ ਨਹੀਂ ਕੀਤੀ ਗਈ ਅਤੇ ਇਸ ਵੇਲੇ ਆਂਗਣਵਾੜੀ ਵਰਕਰਾਂ ਦੀਆਂ 1682 ਅਸਾਮੀਆਂ ਅਤੇ ਹੈਲਪਰਾਂ ਦੀਆਂ 3697 ਅਸਾਮੀਆਂ ਖਾਲੀ ਹਨ। ਉਨ੍ਹਾਂ ਦੱਸਿਆ ਕਿ ਜਨਵਰੀ, 2023 ਤੋਂ ਵਰਕਰਾਂ ਅਤੇ ਹੈਲਪਰਾਂ ਦੇ ਭੱਤੇ ਵਿੱਚ ਸਾਲਾਨਾ ਵਾਧਾ 4 ਜਨਵਰੀ, 2022 ਨੂੰ ਲਏ ਗਏ ਫ਼ੈਸਲੇ ਅਨੁਸਾਰ ਕੀਤਾ ਜਾਵੇਗਾ।