ਗੁਰਦੀਪ ਸਿੰਘ ਲਾਲੀ
ਸੰਗਰੂਰ, 14 ਦਸੰਬਰ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸੰਗਰੂਰ ਫੇਰੀ ਦੌਰਾਨ ਅੱਜ ਪਿੰਡ ਦੇਹ ਕਲਾਂ ਅਤੇ ਘਾਬਦਾਂ ਵਿੱਚ ਰੈਲੀਆਂ ਦੌਰਾਨ ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕਾਂ ਅਤੇ ਟੈੱਟ ਪਾਸ ਬੇਰੁਜ਼ਗਾਰ ਈਟੀਟੀ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਦਾ ਵਿਰੋਧ ਕੀਤਾ ਗਿਆ। ਇਸ ਦੌਰਾਨ ਪੁਲੀਸ ਨੇ ਉਨ੍ਹਾਂ ਨਾਲ ਧੱਕਾ-ਮੁੱਕੀ ਕੀਤੀ, ਜਿਸ ਕਾਰਨ ਦੋ ਅਧਿਆਪਕਾਂ ਦੀਆਂ ਪੱਗਾਂ ਲੱਥ ਗਈਆਂ। ਪੁਲੀਸ ਨੇ ਕਈ ਬੇਰੁਜ਼ਗਾਰ ਅਧਿਆਪਕਾਂ ਨੂੰ ਜਬਰੀ ਹਿਰਾਸਤ ਵਿੱਚ ਵੀ ਲਿਆ।
ਪਿੰਡ ਦੇਹ ਕਲਾਂ ਵਿੱਚ ਸੀਮਿੰਟ ਫੈਕਟਰੀ ਦਾ ਨੀਂਹ ਪੱਥਰ ਰੱਖਣ ਮੌਕੇ ਕੀਤੀ ਰੈਲੀ ਦੌਰਾਨ ਬੇਰੁਜ਼ਗਾਰ ਬੀਐੱਡ ਅਧਿਆਪਕ ਪੁਲੀਸ ਨੂੰ ਝਕਾਨੀ ਦੇ ਕੇ ਪੰਡਾਲ ਵਿਚ ਦਾਖਲ ਹੋ ਗਏ। ਭਿਣਕ ਪੈਂਦਿਆਂ ਹੀ ਐੱਸਐੱਸਪੀ ਸਵਪਨ ਸ਼ਰਮਾ ਦੀ ਅਗਵਾਈ ਹੇਠ ਪੁਲੀਸ ਨੇ ਪੰੰਡਾਲ ’ਚ ਬੈਠੇ ਪ੍ਰਦਰਸ਼ਨਕਾਰੀਆਂ ਦੀ ਪਛਾਣ ਸ਼ੁਰੂ ਕਰ ਦਿੱਤੀ। ਪਛਾਣ ਹੋਣ ’ਤੇ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲੈ ਲਿਆ, ਜਿਨ੍ਹਾਂ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਮਗਰੋਂ ਜਿਉਂ ਹੀ ਮੁੱਖ ਮੰਤਰੀ ਨੇ ਭਾਸ਼ਣ ਸ਼ੁਰੂ ਕੀਤਾ ਤਾਂ ਦੋ ਬੇਰੁਜ਼ਗਾਰ ਅਧਿਆਪਕਾਂ ਨੇ ਮੁੜ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਹਾਲਾਤ ਦੇਖ ਕੇ ਪੁਲੀਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪੁਲੀਸ ਨੇ ਇੱਕ ਬੇਰੁਜ਼ਗਾਰ ਅਧਿਆਪਕ ਨੂੰ ਦਬੋਚ ਲਿਆ। ਜਦੋਂ ਉਸ ਨੂੰ ਘਸੀਟ ਕੇ ਪੰਡਾਲ ’ਚੋਂ ਬਾਹਰ ਬਾਹਰ ਕੱਢਿਆ ਜਾ ਰਿਹਾ ਸੀ ਤਾਂ ਖਿੱਚ-ਧੂਹ ਦੌਰਾਨ ਉਸ ਦੀ ਪੱਗ ਲੱਥ ਗਈ। ਅਧਿਆਪਕ ਪੰਡਾਲ ’ਚ ਹੀ ਡਿੱਗ ਪਿਆ, ਜਿਸ ਦੌਰਾਨ ਵੀ ਪੁਲੀਸ ਮੁਲਾਜ਼ਮ ਨਾਅਰਿਆਂ ਦੀ ਆਵਾਜ਼ ਦਬਾਉਣ ਦਾ ਯਤਨ ਕਰਦਾ ਰਿਹਾ।
ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਬੇਰੁਜ਼ਗਾਰ ਅਧਿਆਪਕਾਂ ਕੁਲਵੰਤ ਲੌਂਗੋਵਾਲ, ਗੁਰਪ੍ਰੀਤ ਸਿੰਘ ਖੇੜੀ, ਸੁਖਦੇਵ ਸਿੰਘ ਨੰਗਲ, ਅਲਕਾ ਰਾਣੀ, ਤਾਹਿਰਾ, ਰਾਜਬੀਰ ਕੌਰ, ਪ੍ਰੀਤਇੰਦਰ ਕੌਰ, ਸੁਮਨ ਗੁਆਰਾ, ਰਾਜਬੀਰ ਸਿੰਘ, ਮਨਵੀਰ ਕੌਰ ਬੱਲਰਾ, ਗੁਰਜੰਟ ਸਿੰਘ, ਨਿੱਕਾ ਸਿੰਘ ਛੰਨਾਂ ਅਤੇ ਪਰਮਜੀਤ ਕੌਰ ਨੂੰ ਹਿਰਾਸਤ ਵਿਚ ਲਿਆ ਗਿਆ ਹੈ।
ਇਸ ਮਗਰੋਂ ਘਾਬਦਾਂ ਪੁੱਜੇ ਮੁੱਖ ਮੰਤਰੀ ਦੇ ਕਾਫ਼ਲੇ ਦਾ ਬੇਰੁਜ਼ਗਾਰ ਈਟੀਟੀ ਅਧਿਆਪਕਾਂ ਵੱਲੋਂ ਪੀਜੀਆਈ ਹਸਪਤਾਲ ਨੇੜੇ ਮੁੱਖ ਮਾਰਗ ’ਤੇ ਵਿਰੋਧ ਕੀਤਾ ਗਿਆ ਅਤੇ ਕਾਫ਼ਲਾ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਵੀ ਪ੍ਰਦਰਸ਼ਨਕਾਰੀਆਂ ਦੀ ਪੁਲੀਸ ਨਾਲ ਖਿੱਚ-ਧੂਹ ਹੋਈ। ਯੂਨੀਅਨ ਦੇ ਪ੍ਰੈੱਸ ਸਕੱਤਰ ਦੀਪ ਬਨਾਰਸੀ ਨੇ ਦੱਸਿਆ ਕਿ ਖਿੱਚ-ਧੂਹ ਦੌਰਾਨ ਬੇਰੁਜ਼ਗਾਰ ਗੁਰਜੰਟ ਮਾਨਸਾ ਜ਼ਖ਼ਮੀ ਹੋਇਆ ਅਤੇ ਇੱਕ ਦੀ ਪੱਗ ਲੱਥ ਗਈ। ਪੁਲੀਸ ਵੱਲੋਂ ਸੁਖਚੈਨ ਪਟਿਆਲਾ, ਮਨੀ ਸੰਗਰੂਰ, ਸੁਰਜੀਤ ਢੱਡਰੀਆਂ, ਰਣਜੀਤ, ਕੁਲਵਿੰਦਰ ਭੱਟੀ ਅਤੇ ਪਰਗਟ ਬੋਹਾ ਨੂੰ ਹਿਰਾਸਤ ਵਿਚ ਲਿਆ ਗਿਆ ਹੈ।
ਸਿੱਖਿਆ ਮੰਤਰੀ ਦੀ ਕੋਠੀ ਘੇਰਨ ਗਏ ਬੇਰੁਜ਼ਗਾਰਾਂ ਦੀ ਖਿੱਚ-ਧੂਹ
ਜਲੰਧਰ (ਪਾਲ ਸਿੰਘ ਨੌਲੀ): ਬੀਐੱਡ ਤੇ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੇ ਅੱਜ ਸਵੇਰੇ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਕੋਠੀ ਦਾ ਘਿਰਾਓ ਕੀਤਾ। ਇਹ ਅਧਿਆਪਕ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਸਵੇਰੇ 6.30 ਵਜੇ ਬੱਸ ਅੱਡੇ ਤੋਂ ਚੱਲੇ ਸਨ। ਸਿੱਖਿਆ ਮੰਤਰੀ ਦੀ ਕੋਠੀ ਅੱਗੇ ਪੁਲੀਸ ਨੇ ਵੱਡੇ ਬੈਰੀਕੇਡ ਲਾਏ ਹੋਏ ਸਨ, ਜਿਨ੍ਹਾਂ ਨੂੰ ਹਟਾਉਂਦਿਆਂ ਕੁਝ ਅਧਿਆਪਕ ਅੱਗੇ ਲੰਘ ਕੇ ਪਰਗਟ ਸਿੰਘ ਦੀ ਕੋਠੀ ਕੋਲ ਪਹੁੰਚ ਗਏ। ਪੁਲੀਸ ਨੇ ਉਨ੍ਹਾਂ ਨੂੰ ਧੂਹ-ਧੂਹ ਕੇ ਬੈਰੀਕੇਡਾਂ ਤੋਂ ਬਾਹਰ ਕੱਢਿਆ। ਬੈਰੀਕੇਡ ਲੰਘਣ ਲੱਗਿਆਂ ਵੀ ਪੁਲੀਸ ਤੇ ਅਧਿਆਪਕਾਂ ਵਿਚਾਲੇ ਖਿੱਚ-ਧੂਹ ਵੀ ਹੋਈ। ਅਧਿਆਪਕਾਂ ਨੇ ਪੁਲੀਸ ’ਤੇ ਡਾਂਗਾਂ ਮਾਰਨ ਦੇ ਦੋਸ਼ ਵੀ ਲਾਏ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੰਜਾਬ ਸਰਕਾਰ ਨੌਕਰੀਆਂ ਬਾਰੇ ਇਸ਼ਤਿਹਾਰ ਜਾਰੀ ਨਹੀਂ ਕਰਦੀ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਬੀਐੱਡ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਤੇ ਅਮਨ ਸ਼ੇਖਾ ਨੇ ਦੱਸਿਆ ਕਿ ਸਿੱਖਿਆ ਮੰਤਰੀ ਦਿਨ ਟਪਾ ਰਹੇ ਹਨ ਕਿ ਕਦੋਂ ਚੋਣ ਜ਼ਾਬਤਾ ਲੱਗੇ ਤੇ ਉਨ੍ਹਾਂ ਦਾ ਖਹਿੜਾ ਛੁੱਟੇ ਪਰ ਬੇਰੁਜ਼ਗਾਰ ਅਧਿਆਪਕ ਲਗਾਤਾਰ ਆਪਣਾ ਸੰਘਰਸ਼ ਕਰਦੇ ਰਹਿਣਗੇ ਤੇ ਉਹ ਚੋਣਾਂ ਦੌਰਾਨ ਵੀ ਕਾਂਗਰਸ ਦੇ ਉਮੀਦਵਾਰਾਂ ਦਾ ਵਿਰੋਧ ਕਰਨਗੇ। ਜਥੇਬੰਦੀ ਨੇ ਇਕ ਮਹੀਨੇ ਤੋਂ ਬੱਸ ਅੱਡੇ ’ਚ ਪਾਣੀ ਵਾਲੀ ਟੈਂਕੀ ’ਤੇ ਮੋਰਚਾ ਲਾਇਆ ਹੋਇਆ ਹੈ ਅਤੇ ਟੈਂਕੀ ’ਤੇ ਚੜ੍ਹੇ ਅਧਿਆਪਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।