ਪੱਤਰ ਪ੍ਰੇਰਕ
ਫਤਹਿਗੜ੍ਹ ਸਾਹਿਬ, 24 ਜਨਵਰੀ
ਪੁਲੀਸ ਨੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਦੀ ਪਾਰਕਿੰਗ ‘ਚ ਖੜ੍ਹੀ ਕਾਰ ਦਾ ਸ਼ੀਸ਼ਾ ਤੋੜ ਕੇ ਪਰਸ ਚੋਰੀ ਕਰਨ ਵਾਲੇ ਵਿਅਕਤੀ ਨੂੰ ਕਾਬੂ ਕੀਤਾ ਹੈ।
ਪੁਲੀਸ ਕੋਲ ਲਿਖਵਾਈ ਗਈ ਸ਼ਿਕਾਇਤ ’ਚ ਮਾਲਵਾ ਕਾਲਜ ਬੌਂਦਲੀ ਸਮਰਾਲਾ ਵਿੱਚ ਨੌਕਰੀ ਕਰ ਰਹੇ ਜਸਦੀਪ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਆਇਆ ਸੀ ਤੇ ਉਸ ਦੀ ਪਤਨੀ ਨੇ ਮੱਥਾ ਟੇਕਣ ਜਾਣ ਸਮੇਂ ਆਪਣਾ ਪਰਸ ਜਿਸ ਵਿੱਚ ਏ.ਟੀ.ਐਮ. ਕਾਰਡ, ਕਰੀਬ ਪੰਜ ਹਜ਼ਾਰ ਰੁਪਏ ਨਕਦੀ ਅਤੇ ਸੋਨੇ ਦੇ ਟੌਪਸ ਸਨ, ਕਾਰ ਦੀ ਸੀਟ ਉੱਤੇ ਰੱਖ ਦਿੱਤੇ ਤੇ ਉਹ ਕਾਰ ਲੌਕ ਕਰਕੇ ਮੱਥਾ ਟੇਕਣ ਚਲੇ ਗਏ।
ਜਦੋਂ ਉਨ੍ਹਾਂ ਵਾਪਿਸ ਆ ਕੇ ਦੇਖਿਆ ਤਾਂ ਉਨ੍ਹਾਂ ਦੀ ਕਾਰ ਦੀ ਪਿਛਲੀ ਤਾਕੀ ਦਾ ਕੁਆਰਟਰ ਸ਼ੀਸ਼ਾ ਟੁੱਟਿਆ ਹੋਇਆ ਸੀ ਤੇ ਪਰਸ ਗਾਇਬ ਸੀ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਦੀ ਗੱਡੀ ਦਾ ਸ਼ੀਸ਼ਾ ਤੋੜ ਕੇ ਕਰਮਜੀਤ ਸਿੰਘ ਵਾਸੀ ਪਿੰਡ ਰਤਨਗੜ੍ਹ ਰੱਤੋਂ ਥਾਣਾ ਖਮਾਣੋਂ(ਫ.ਗ.ਸ) ਨੇ ਸਾਮਾਨ ਚੋਰੀ ਕੀਤਾ ਹੈ। ਫਤਹਿਗੜ੍ਹ ਪੁਲੀਸ ਨੇ ਮੁਲਜ਼ਮ ਕਰਮਜੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਅਦਾਲਤ ‘ਚ ਪੇਸ਼ ਕੀਤਾ ਜਿੱਥੇ ਅਦਾਲਤ ਵੱਲੋਂ ਮੁਲਜ਼ਮ ਨੂੰ 3 ਦਿਨਾਂ ਦੇ ਪੁਲੀਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ।