ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 25 ਅਗਸਤ
ਪਨਸਪ ਦੀ ਮੈਨੇਜਿੰਗ ਡਾਇਰੈਕਟਰ ਅੰਮ੍ਰਿਤ ਕੌਰ ਗਿੱਲ ਨੇ 20,294 ਕਣਕ ਦੀਆਂ ਬੋਰੀਆਂ ਅਤੇ ਕਰੀਬ 3 ਕਰੋੜ ਰੁਪਏ ਦੇ ਹੋਰ ਸਟਾਕ ਵਿੱਚ ਗਬਨ ਕਰਨ ਦੇ ਦੋਸ਼ ਹੇਠ ਅੱਜ ਪਟਿਆਲਾ- ਸੈਂਟਰ (ਜ਼ਿਲ੍ਹਾ-ਪਟਿਆਲਾ) ਦੇ ਇੰਸਪੈਕਟਰ ਗਰੇਡ-1 ਗੁਰਿੰਦਰ ਸਿੰਘ ਨੂੰ ਬਰਖ਼ਾਸਤ ਕਰ ਦਿੱਤਾ ਹੈ। ਵੇਰਵਿਆਂ ਅਨੁਸਾਰ ਜ਼ਿਲ੍ਹਾ ਮੈਨੇਜਰ, ਪਨਸਪ (ਮੋਗਾ) ਅਨੰਤ ਸ਼ਰਮਾ, ਜ਼ਿਲ੍ਹਾ ਮੈਨੇਜਰ, ਪਨਸਪ (ਸੰਗਰੂਰ) ਗੌਰਵ ਆਹਲੂਵਾਲੀਆ ਸਮੇਤ ਹੋਰ ਅਧਿਕਾਰੀਆਂ ਦੀ ਵਿਸ਼ੇਸ਼ ਟੀਮ ਵੱਲੋਂ ਕੀਤੀ ਨਿੱਜੀ ਜਾਂਚ ਉਪਰੰਤ ਸਟਾਕ ਦੀ ਘਾਟ ਸਾਹਮਣੇ ਆਈ। ਸਟਾਕ ਦੀ ਘਾਟ ਸਾਹਮਣੇ ਆਉਣ ’ਤੇ, 17 ਅਗਸਤ, 2022 ਨੂੰ ਥਾਣਾ ਸਦਰ, ਪਟਿਆਲਾ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਐੱਫਆਈਆਰ ਦਰਜ ਕਰਕੇ ਮੁਲਜ਼ਮ ਅਧਿਕਾਰੀ ਵਿਰੁੱਧ ਫ਼ੌਜਦਾਰੀ ਕਾਰਵਾਈ ਸ਼ੁਰੂ ਕੀਤੀ ਗਈ।