ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 14 ਸਤੰਬਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਵੱਲੋਂ ‘ਅਪਰੇਸ਼ਨ ਲੋਟਸ’ ਤਹਿਤ ਪੰਜਾਬ ਵਿੱਚ ‘ਆਪ’ ਦੀ ਸਰਕਾਰ ਡੇਗਣ ਤੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰਨ ਦੀ ਅਲੋਚਨਾ ਕੀਤੀ ਹੈ। ਇਕ ਵੀਡੀਓ ਜਾਰੀ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਭਾਰਤ ਨੂੰ ਦੁਨੀਆਂ ਦਾ ਲੋਕਤੰਤਰਿਕ ਦੇਸ਼ ਕਿਹਾ ਜਾਂਦਾ ਹੈ ਪਰ ਪਿਛਲੇ ਕੁਝ ਸਮੇਂ ਵਿੱਚ ਸਭ ਤੋਂ ਵੱਧ ਲੋਕਤੰਤਰ ਦੀ ਹੱਤਿਆ ਭਾਰਤ ਵਿੱਚ ਹੀ ਹੋਈ ਹੈ। ਜਿੱਥੇ ਕਈ ਸੂਬਿਆਂ ਵਿੱਚ ਵਿਧਾਇਕਾਂ ਨੂੰ ਡਰਾ-ਧਮਕਾ ਕੇ ਜਾਂ ਖਰੀਦ ਕੇ ਸਰਕਾਰਾਂ ਤੋੜੀਆਂ ਗਈਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਵੱਲੋਂ ਪੂਰੇ ਦੇਸ਼ ਵਿੱਚ ‘ਅਪਰੇਸ਼ਨ ਲੋਟਸ’ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਪੰਜਾਬ ਦੇ ਲੋਕ ਹੀ ਰੋਕਣਗੇ। ਉਨ੍ਹਾਂ ਕਿਹਾ ਕਿ ਭਾਜਪਾ ਨੇ ‘ਅਪਰੇਸ਼ਨ ਲੋਟਸ’ ਤਹਿਤ ਦਿੱਲੀ ਵਿੱਚ ਸਰਕਾਰ ਡੇਗਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਾ ਹੋ ਸਕੀ। ਸ੍ਰੀ ਮਾਨ ਨੇ ਕਿਹਾ ਕਿ ਭਾਜਪਾ ਨੇ ਹੁਣ ਦਿੱਲੀ ਤੋਂ ਬਾਅਦ ‘ਅਪਰੇਸ਼ਨ ਲੋਟਸ’ ਪੰਜਾਬ ਵਿੱਚ ਚਲਾਉਣ ਦੀ ਕੋਸ਼ਿਸ਼ ਕਰਦਿਆਂ ‘ਆਪ’ ਵਿਧਾਇਕਾਂ ਨਾਲ ਸੰਪਰਕ ਕਰ ਕੇ ਹਾਈਕਮਾਂਡ ਨਾਲ ਗੱਲ ਕਰਵਾਉਣ ਜਾਂ ਪੈਸਿਆਂ ਦੀ ਪੇਸ਼ਕਸ਼ ਕੀਤੀ ਗਈ ਹੈ। ਪੰਜਾਬ ਵਿੱਚ ‘ਆਪ’ ਦੇ ਵਿਧਾਇਕ ਮਿੱਟੀ ਦੇ ਵਫ਼ਾਦਾਰ ਹਨ, ਜਿਨ੍ਹਾਂ ਨੇ ਭਾਜਪਾ ਦੀ ਪੇਸ਼ਕਸ਼ ਨੂੰ ਠੁਕਰਾ ਕੇ ‘ਅਪਰੇਸ਼ਨ ਲੋਟਸ’ ਨੂੰ ਬਰੇਕ ਲਗਾ ਦਿੱਤਾ ਹੈ। ਸ੍ਰੀ ਮਾਨ ਨੇ ਕਿਹਾ ਕਿ ਪੰਜਾਬ ਭਾਜਪਾ ਤੋਂ ‘ਆਪ’ ਦੀ ਲੋਕ ਪ੍ਰਿਅਤਾ ਬਰਦਾਸ਼ਤ ਨਹੀਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਨੂੰ ਪੰਜਾਬ ਦੀ ਗਰਦਨ ਸਿੱਧੀ ਰੱਖਣ ਲਈ ਜੋ ਵੀ ਮੁੱਲ ਉਤਾਰਨਾ ਪਿਆ ਉਹ ਉਤਾਰ ਦੇਵੇਗੀ ਪਰ ਪੰਜਾਬ ਦੀ ਗਰਦਨ ਹੇਠਾਂ ਨਹੀਂ ਹੋਣ ਦੇਵੇਗੀ। ਇਸੇ ਦੌਰਾਨ ਚੰਡੀਗੜ੍ਹ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ‘ਅਪਰੇਸ਼ਨ ਲੋਟਸ’ ਤਹਿਤ ਦਿੱਲੀ ਅਤੇ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੇ ਕਈ ਆਗੂਆਂ ਨੇ ਕਥਿਤ ‘ਆਪ’ ਦੇ 10 ਵਿਧਾਇਕਾਂ ਨਾਲ ਸੰਪਰਕ ਕਰਦਿਆਂ ਉਨ੍ਹਾਂ ਨੂੰ ਭਾਜਪਾ ’ਚ ਸ਼ਾਮਲ ਹੋਣ ਲਈ 25-25 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਵਫ਼ਾਦਾਰ ਸਿਪਾਹੀਆਂ ਨੇ ਭਾਜਪਾ ਦੇ ਨਾਪਾਕ ਏਜੰਡੇ ਨੂੰ ਅਸਫ਼ਲ ਕਰ ਦਿੱਤਾ ਹੈ। ਸ੍ਰੀ ਅਰੋੜਾ ਨੇ ਕਿਹਾ ਕਿ ‘ਆਪ’ ਕੋਈ ਸਿਆਸੀ ਪਾਰਟੀ ਨਹੀਂ, ਸਗੋਂ ਇਕ ਪਰਿਵਾਰ ਹੈ, ਜਿਸ ਨੂੰ ਭਾਜਪਾ ਕਦੇ ਵੀ ਤੋੜ ਨਹੀਂ ਸਕਦੀ। ਉਨ੍ਹਾਂ ਭਰੋਸਾ ਜਤਾਇਆ ਕਿ 25 ਕਰੋੜ ਤਾਂ ਕਿ ਭਾਜਪਾ 50 ਕਰੋੜ ਰੁਪਏ ਦੀ ਪੇਸ਼ਕਸ਼ ਵੀ ਕਰੇ ਤਾਂ ਵੀ ‘ਆਪ’ ਦਾ ਕੋਈ ਆਗੂ ਦਲ ਨਹੀਂ ਬਦਲੇਗਾ।
ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਭਾਜਪਾ ਨੂੰ ਘੇਰਦਿਆਂ ਕਿਹਾ ਕਿ ਭਾਜਪਾ ‘ਹੋਰਸ-ਟਰੇਡਿੰਗ’ ਦੀ ਰਾਜਨੀਤੀ ਕਰ ਕੇ ਦੇਸ਼ ਦੇ ਸੰਵਿਧਾਨ ਅਤੇ ਭੀਮ ਰਾਓ ਡਾ. ਅੰਬੇਡਕਰ ਦਾ ਅਪਮਾਨ ਕਰ ਰਹੀ ਹੈ। ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਦੇਸ਼ ਵਿੱਚ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਵਧਦੀ ਲੋਕਪ੍ਰਿਅਤਾ ਤੋਂ ਭਾਜਪਾ ਤੇ ਕਾਂਗਰਸ ਬੇਚੈਨ ਹਨ ਅਤੇ ਉਨ੍ਹਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਰੋਕਣਾ ਚਾਹੁੰਦੀਆਂ ਹਨ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇੱਕ ਮਰੀ ਹੋਈ ਪਾਰਟੀ ਹੈ ਅਤੇ ਰਾਹੁਲ ਗਾਂਧੀ ਇੱਕ ਅਸਫ਼ਲ ਨੇਤਾ ਹਨ। ਉਹ ਭਾਜਪਾ ਅਤੇ ਨਰਿੰਦਰ ਮੋਦੀ ਦਾ ਮੁਕਾਬਲਾ ਨਹੀਂ ਕਰ ਸਕਦੇ, ਇਸ ਲਈ ਭਾਜਪਾ ਹੁਣ ਕੇਜਰੀਵਾਲ ਨੂੰ ਰੋਕਣ ਲਈ ਜ਼ੋਰ ਲਗਾ ਰਹੀ ਹੈ। ਸ੍ਰੀ ਕੰਗ ਨੇ ਕਿਹਾ ਕਿ ‘ਆਪ’ ਨੇ ਪਹਿਲਾਂ ਦਿੱਲੀ ਅਤੇ ਹੁਣ ਪੰਜਾਬ ਵਿੱਚ ‘ਆਪਰੇਸ਼ ਲੋਟਸ’ ਨੂੰ ਬੁਰੀ ਤਰ੍ਹਾਂ ਅਸਫ਼ਲ ਕਰ ਦਿੱਤਾ ਹੈ।
ਮੁੱਖ ਮੰਤਰੀ ਨੇ ਟੈਕਸਟਾਈਲ ਤੇ ਕੈਮੀਕਲ ਖੇਤਰ ’ਚ ਜਰਮਨੀ ਤੋਂ ਸਹਿਯੋਗ ਮੰਗਿਆ
ਚੰਡੀਗੜ੍ਹ (ਟਨਸ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਰਮਨੀ ਤੋਂ ਐਗਰੀ ਫੂਡ ਪ੍ਰਾਸੈਸਿੰਗ, ਟੈਕਸਟਾਈਲ, ਆਟੋ ਕੰਪੋਨੈਂਟਸ, ਫਾਰਮਾਸਿਊਟੀਕਲ ਤੇ ਕੈਮੀਕਲ ਖੇਤਰ ’ਚ ਸਹਿਯੋਗ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਨੇ ਮਿਊਨਿਖ ਸਥਿਤ ਆਪਣੇ ਦਫ਼ਤਰ ਵਿੱਚ ਇਨਵੈਸਟ ਇਨ ਬਾਵਰੀਆ ਦੀ ਟੀਮ ਨਾਲ ਮੁਲਾਕਾਤ ਕਰਦਿਆਂ ਕਿਹਾ ਕਿ ਜਰਮਨੀ ਦੀਆਂ 350 ਕੰਪਨੀਆਂ ਭਾਰਤ ’ਚ ਆਪਣਾ ਕਾਰੋਬਾਰ ਕਰ ਰਹੀਆਂ ਹਨ। ਇਸ ਦੌਰਾਨ ਮੁੱਖ ਮੰਤਰੀ ਨੇ ਟੀਮ ਨੂੰ ਐਗਰੀ ਫੂਡ ਪ੍ਰਾਸੈਸਿੰਗ, ਟੈਕਸਟਾਈਲ, ਆਟੋ ਕੰਪੋਨੈਂਟਸ, ਫਾਰਮਾਸਿਊਟੀਕਲ ਤੇ ਕੈਮੀਕਲਜ਼ ਵਰਗੇ ਖੇਤਰਾਂ ਵਿੱਚ ਪੰਜਾਬ ਦੀ ਸਮਰੱਥਾ ਬਾਰੇ ਜਾਣੂ ਕਰਵਾਇਆ ਅਤੇ ਇਨ੍ਹਾਂ ਖੇਤਰਾਂ ਵਿੱਚ ਇਨਵੈਸਟ ਪੰਜਾਬ ਤੇ ਇਨਵੈਸਟ ਇਨ ਬਾਵਰੀਆ ਵਿਚਾਲੇ ਸਹਿਯੋਗ ਦੇ ਸੰਭਾਵੀ ਖੇਤਰਾਂ ਬਾਰੇ ਵਿਚਾਰ-ਚਰਚਾ ਕੀਤੀ। ਭਗਵੰਤ ਮਾਨ ਨੇ ਪੰਜਾਬ ਵਿੱਚ ਨਿਵੇਸ਼ਕਾਂ ਦੀ ਸਹੂਲਤ ਲਈ ਆਦਰਸ਼ ਵਨ ਸਟਾਪ ਦਫ਼ਤਰ ਬਾਰੇ ਵੀ ਜਾਣਕਾਰੀ ਦਿੱਤੀ। ਇਨਵੈਸਟ ਇਨ ਬਾਵਰੀਆ ਦੀ ਟੀਮ ਨੇ ਆਪਸੀ ਤਾਲਮੇਲ ਨਾਲ ਰੈਗੂਲੇਟਰੀ, ਵਿੱਤੀ ਸੇਵਾਵਾਂ ਅਤੇ ਕਾਰੋਬਾਰੀ ਦਰਜਾਬੰਦੀ ਵਿੱਚ ਸੌਖ ਲਈ ਪੰਜਾਬ ਦੀ ਸਿੰਗਲ-ਵਿੰਡੋ ਪ੍ਰਣਾਲੀ ਦੀ ਸ਼ਲਾਘਾ ਕੀਤੀ। ਇਨਵੈਸਟ ਪੰਜਾਬ ਐਂਡ ਇਨਵੈਸਟ ਇਨ ਬਾਵਰੀਆ ਨੇ ਦੁਵੱਲੇ ਵਪਾਰ ਅਤੇ ਨਿਵੇਸ਼ ਮੌਕਿਆਂ ਦਾ ਸਹਿਯੋਗ, ਸਬੰਧਤ ਖੇਤਰਾਂ ਦੀਆਂ ਕੰਪਨੀਆਂ/ਉਦਯੋਗਾਂ ਦਰਮਿਆਨ ਵਪਾਰਕ, ਉਦਯੋਗਿਕ ਅਤੇ ਤਕਨੀਕੀ ਖੇਤਰਾਂ ਵਿੱਚ ਸਹਿਯੋਗ ਅਤੇ ਖੋਜ ਤੇ ਹੁਨਰ ’ਚ ਸਹਿਯੋਗ ਦੇ ਮੌਕਿਆਂ ਦੀ ਖੋਜ ਕਰਨ ਲਈ ਵੀ ਸਹਿਮਤੀ ਪ੍ਰਗਟਾਈ।
ਭਾਜਪਾ ਦੀਆਂ ਕੋਸ਼ਿਸ਼ਾਂ ਨੂੰ ਕਦੇ ਬੂਰ ਨਹੀਂ ਪਵੇਗਾ: ਧਾਲੀਵਾਲ
ਰਮਦਾਸ (ਪੱਤਰ ਪ੍ਰੇਰਕ): ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਡੇਗਣ ਦੀਆਂ ਕੋਸ਼ਿਸ਼ਾਂ ਨੂੰ ਕਦੇ ਬੂਰ ਨਹੀਂ ਪਵੇਗਾ। ਉਹ ਇੱਥੇ ਬਾਬਾ ਬੁੱਢਾ ਜੀ ਦੇ ਗੁਰਦੁਆਰਾ ਸਾਹਿਬ ਵਿੱਚ ਸਾਲਾਨਾ ਜੋੜ ਮੇਲੇ ਦੌਰਾਨ ਮੱਥਾ ਟੇਕਣ ਆਏ ਸਨ। ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਧਾਲੀਵਾਲ ਨੇ ਕਿਹਾ ਕਿ ਭਾਜਪਾ ਲੋਕਤੰਤਰ ਦੀ ‘ਸੀਰੀਅਲ ਕਿੱਲਰ’ ਪਾਰਟੀ ਹੈ ਜੋ ‘ਆਪਰੇਸ਼ਨ ਲੋਟਸ’ ਤਹਿਤ ਸੂਬਿਆਂ ਵਿੱਚ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਡੇਗਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਆਪਣਾ ਭਵਿੱਖ ਖ਼ਤਰੇ ਵਿੱਚ ਵੇਖਦੀ ਹੋਈ ਦੂਸਰੀਆਂ ਪਾਰਟੀਆਂ ਦੇ ਆਗੂਆਂ ਤੇ ਵਿਧਾਇਕਾਂ ਨੂੰ ਈਡੀ ਅਤੇ ਹੋਰ ਸੁਰੱਖਿਆ ਏਜੰਸੀਆਂ ਦਾ ਡਰ ਦਿਖਾ ਕੇ ਦਬਾਉਣਾ ਚਾਹੁੰਦੀ ਹੈ। ਪਰ ‘ਆਪ’ ਵਿਧਾਇਕ ਤੇ ਆਗੂ ਅਜਿਹੀਆਂ ਗਿੱਦੜ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ।