ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 2 ਮਈ
ਪਟਿਆਲਾ ਵਿੱਚ ਵਾਪਰੀ ਹਿੰਸਕ ਘਟਨਾ ਖ਼ਿਲਾਫ਼ ਅਤੇ ਪੰਜਾਬ ਵਿਚ ਭਾਈਚਾਰਕ ਸਾਂਝ, ਏਕਤਾ ਅਤੇ ਅਮਨ-ਸ਼ਾਂਤੀ ਕਾਇਮ ਰੱਖਣ ਲਈ ਅੱਜ ਸ਼ਾਮ ਇੱਥੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਹੇਠ ਮੋਮਬੱਤੀ ਮਾਰਚ ਕੱਢਿਆ ਗਿਆ।
ਇਹ ਮਾਰਚ ਹੈਰੀਟੇਜ ਸਟਰੀਟ ਵਿਚ ਸਥਾਪਤ ਡਾ. ਅੰਬੇਡਕਰ ਦੇ ਬੁੱਤ ਤੋਂ ਆਰੰਭ ਹੋਇਆ ਅਤੇ ਜੱਲ੍ਹਿਆਂਵਾਲਾ ਬਾਗ ਨੇੜੇ ਸਮਾਪਤ ਹੋਇਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਕਿਹਾ ਕਿ ਕੁੱਝ ਫ਼ਿਰਕੂ ਤਾਕਤਾਂ ਪੰਜਾਬ ਵਿੱਚ ਅਮਨ-ਸ਼ਾਂਤੀ ਅਤੇ ਆਪਸੀ ਭਾਈਚਾਰਕ ਸਾਂਝ ਭੰਗ ਕਰਨਾ ਚਾਹੁੰਦੀਆਂ ਹਨ। ਉਨ੍ਹਾਂ ਨੇ ਪੰਜਾਬੀਆਂ ਨੂੰ ਇਨ੍ਹਾਂ ਤਾਕਤਾਂ ਦੀ ਸਾਜ਼ਿਸ਼ ਸਫ਼ਲ ਨਾ ਹੋਣ ਦੇਣ ਅਤੇ ਆਪਸੀ ਸਾਂਝ ਤੇ ਇੱਕਜੁਟਤਾ ਕਾਇਮ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬੀ ਇੱਕ ਸਨ, ਇੱਕ ਹਨ ਅਤੇ ਇੱਕ ਹੀ ਰਹਿਣਗੇ। ਪੰੰਜਾਬ ਹਮੇਸ਼ਾਂ ਗੁਰੂਆਂ ਦੇ ਨਾਂ ’ਤੇ ਆਪਸੀ ਸਾਂਝ ਕਾਇਮ ਰੱਖੇਗਾ। ਉਨ੍ਹਾਂ ਕਿਹਾ ਕਿ ਅੱਜ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਕਾਇਮ ਰੱਖਣ ਦੀ ਅਪੀਲ ਸਬੰਧੀ ਇਹ ਮੋਮਬੱਤੀ ਮਾਰਚ ਕੱਢਿਆ ਹੈ।
ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਜਦੋਂ ਵੀ ਫ਼ਿਰਕੂ ਤਾਕਤਾਂ ਆਪਸੀ ਸਾਂਝ ਤੋੜਨ ਦੀ ਕੋਸ਼ਿਸ਼ ਕਰਨਗੀਆਂ, ਉਦੋਂ ਪੰਜਾਬ ਪੰਜਾਬੀਅਤ ਦੀ ਢਾਲ ਲੈ ਕੇ ਇਨ੍ਹਾਂ ਸਾਜ਼ਿਸ਼ਾਂ ਨੂੰ ਰੋਕਣ ਲਈ ਅੱਗੇ ਆਵੇਗਾ। ਉਨ੍ਹਾਂ ਕਿਹਾ ਕਿ ਪੰਜਾਬੀ ਦਸਮੇਸ਼ ਪਿਤਾ ਦੀ ਸੰਤਾਨ ਹਨ।
ਬਿਨਾਂ ਕਿਸੇ ਸਿਆਸੀ ਧਿਰ ਦਾ ਨਾਂ ਲਏ ਉਨ੍ਹਾਂ ਦੋਸ਼ ਲਾਇਆ ਕਿ ਕੁਝ ਲੋਕ ਵੋਟਾਂ ਦੀ ਰਾਜਨੀਤੀ ਕਰ ਰਹੇ ਹਨ। ਇਸੇ ਤਹਿਤ ਪਹਿਲਾਂ ਬੇਅਦਬੀਆਂ ਹੋਈਆਂ ਅਤੇ ਹੁਣ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਵਿਧਾਇਕ ਸੁਨੀਲ ਦੱਤੀ, ਅਸ਼ਵਨੀ ਸੇਖੜੀ ਤੇ ਹੋਰ ਹਾਜ਼ਰ ਸਨ।
ਪਟਿਆਲਾ ਹਿੰਸਾ ਦੀ ਨਿਖੇਧੀ
ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਸਿੱਧੂ ਨੇ ਕਿਹਾ ਕਿ ਸਰਕਾਰ ਨੂੰ ਤਜਰਬਾ ਘੱਟ ਹੈ ਪਰ ਪੰਜਾਬ ਵਿੱਚ ਭਾਈਚਾਰਕ ਸਾਂਝ ਹਰ ਹੀਲੇ ਕਾਇਮ ਰੱਖਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸੂਬੇ ਵਿੱਚ ਅਮਨ-ਸ਼ਾਂਤੀ ਕਾਇਮ ਰੱਖਣ ਵਿਚ ਅਸਫ਼ਲ ਰਹੀ ਹੈ। ਸਰਕਾਰ ਨੂੰ ਜਦੋਂ ਪਟਿਆਲਾ ਵਿੱਚ ਕੋਈ ਘਟਨਾ ਵਾਪਰਨ ਬਾਰੇ ਖਦਸ਼ਾ ਸੀ ਤਾਂ ਇਸ ਨੂੰ ਰੋਕਣ ਲਈ ਪਹਿਲਾਂ ਹੀ ਧਾਰਾ 144 ਲਾਈ ਜਾਣੀ ਚਾਹੀਦੀ ਸੀ। ਬਾਅਦ ਵਿੱਚ ਸਖ਼ਤ ਕਾਰਵਾਈ ਕਰਨ ਦੀ ਥਾਂ ਪਹਿਲਾਂ ਹੀ ਹਿੰਸਕ ਘਟਨਾ ਰੋਕਣ ਲਈ ਸਖ਼ਤ ਕਦਮ ਪੁੱਟਣੇ ਚਾਹੀਦੇ ਸਨ।