ਪਾਲ ਸਿੰਘ ਨੌਲੀ
ਜਲੰਧਰ, 16 ਜੂਨ
ਸਟੱਡੀ ਵੀਜ਼ੇ ’ਤੇ ਕੈਨੇਡਾ ਗਏ ਜਲੰਧਰ ਦੇ ਇੱਕ ਵਿਦਿਆਰਥੀ ਦੀ ਊੱਥੇ ਸਮੁੰਦਰ ਵਿੱਚ ਡੁੱਬਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸ਼ਿਵਮ ਅਰੋੜਾ (21) ਵਾਸੀ ਸਤਿਕਰਤਾਰ ਨਗਰ, ਜਲੰਧਰ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਸੰਜੀਵ ਅਰੋੜਾ ਨੇ ਦੱਸਿਆ ਕਿ ਉਸ ਦਾ ਪੁੱਤਰ ਸ਼ਿਵਮ ਪਿਛਲੇ ਸਾਲ ਜਨਵਰੀ ਵਿੱਚ ਇੱਕ ਸਾਲ ਦੇ ਡਿਪਲੋਮੇ ਲਈ ਕੈਨੇਡਾ ਗਿਆ ਸੀ। ਇਸੇ ਸਾਲ ਜਨਵਰੀ ਵਿੱਚ ਉਸ ਨੇ 85 ਫ਼ੀਸਦ ਅੰਕਾਂ ਨਾਲ ਆਪਣਾ ਕੋਰਸ ਪੂਰਾ ਕੀਤਾ ਸੀ ਤੇ ਹੁਣ ਵਰਕ ਪਰਮਿਟ ਲਈ ਅਪਲਾਈ ਕੀਤਾ ਸੀ। ਊਨ੍ਹਾਂ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਨੇ ਆਪਣੇ ਪੁੱਤਰ ਨਾਲ ਗੱਲ ਕੀਤੀ ਸੀ ਤਾਂ ਊਸ ਨੇ ਦੱਸਿਆ ਸੀ ਕਿ ਉਹ ਆਪਣੇ ਦੋਸਤਾਂ ਨਾਲ ਸਮੁੰਦਰ ਕਿਨਾਰੇ ਘੁੰਮਣ ਜਾ ਰਿਹਾ ਹੈ। ਊਨ੍ਹਾਂ ਸ਼ਿਵਮ ਨੂੰ ਹਦਾਇਤ ਕੀਤੀ ਸੀ ਕਿ ਉਹ ਧਿਆਨ ਰੱਖੇ ਕਿਉਂਕਿ ਉਸ ਨੂੰ ਤੈਰਨਾ ਨਹੀਂ ਆਉਂਦਾ।
ਅੱਜ ਸਵੇਰੇ ਹੀ ਉਨ੍ਹਾਂ ਨੂੰ ਊਸ ਦੀ ਡੁੱਬ ਕੇ ਮੌਤ ਹੋਣ ਦੀ ਖ਼ਬਰ ਮਿਲੀ। ਉਸ ਦੇ ਦੋਸਤਾਂ ਨੇ ਦੱਸਿਆ ਸੀ ਕਿ ਸ਼ਿਵਮ ਸਮੁੰਦਰ ਵਿੱਚ ਡੂੰਘੀ ਥਾਂ ਚਲਾ ਗਿਆ ਸੀ, ਜਿੱਥੋਂ ਉਹ ਵਾਪਸ ਨਹੀਂ ਮੁੜ ਸਕਿਆ। ਸੰਜੀਵ ਅਰੋੜਾ ਨੇ ਦੱਸਿਆ ਕਿ ਊਸ ਨੂੰ ਤਾਂ ਇਹ ਵੀ ਪਤਾ ਨਹੀਂ ਲੱਗ ਰਿਹਾ ਕਿ ਲਾਸ਼ ਵਾਪਸ ਕਿਵੇਂ ਮੰਗਵਾਈ ਜਾਵੇ।