ਖੇਤਰੀ ਪ੍ਰਤੀਨਿਧ
ਪਟਿਆਲਾ, 28 ਅਗਸਤ
‘ਸੈਫੀ’ ਨਾਮੀ ਜਥੇਬੰਦੀ ਵੱਲੋਂ ਪੰਜਾਬੀ ਯੂਨੀਵਰਸਿਟੀ ਵਿਚਲੀ ਲਾਇਬ੍ਰੇਰੀ ਵਿੱਚ ਧਾਰਮਿਕ ਪੁਸਤਕਾਂ ਦੀ ਕਥਿਤ ‘ਬੇਅਦਬੀ’ ਹੋਣ ਦੇ ਉਭਾਰੇ ਗਏ ਮਾਮਲੇ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਪਹਿਲਾਂ ਹੀ ਬੇਬੁਨਿਆਦ ਕਰਾਰ ਦੇ ਚੁੱਕਾ ਹੈ, ਪਰ ਇਸ ਮਾਮਲੇ ਨੂੰ ਨਜਿੱਠਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਠਿਤ ਕਮੇਟੀ ਦੇ ਕਹਿਣ ’ਤੇ ਯੂਨੀਵਰਸਿਟੀ ਵੱਲੋਂ ਸ੍ਰੀ ਅਖੰਡ ਪਾਠ ਦੇ ਭੋਗ ਪਵਾਏ ਗਏ। ਉਪ ਕੁਲਪਤੀ ਨੇ ਪ੍ਰੋ. ਅਰਵਿੰਦ ਨੇ ਯੂਨੀਵਰਸਿਟੀ ਦੇ ਮੁਖੀ ਵਜੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ’ਚ ਭੁੱਲਾਂ-ਚੁੱੱਕਾਂ ਲਈ ਖਿਮਾ ਜਾਚਨਾ ਮੰਗੀ। ਉਨ੍ਹਾਂ ਕਿਹਾ ਕਿ ਹਰ ਤਰ੍ਹਾਂ ਦੀਆਂ ਪੁਸਤਕਾਂ ਦੀ ਸਾਂਭ-ਸੰਭਾਲ ਸੁਚੱਜੇ ਢੰਗ ਅਤੇ ਪੂਰਨ ਗੁਰਮਰਿਆਦਾ ਨਾਲ ਕੀਤੀ ਜਾਂਦੀ ਹੈ, ਪਰ ਫਿਰ ਵੀ ਜੇਕਰ ਕਿਸੇ ਪ੍ਰ੍ਬੰਧਕ ਤੋਂ ਕੋਈ ਭੁੱਲ ਜਾਂ ਅਵੱਗਿਆ ਹੋ ਗਈ ਹੋਵੇ ਤਾਂ ਉਪ ਕੁਲਪਤੀ ਹੋਣ ਨਾਤੇ ਉਹ ਖੁਦ ਭੁੱਲ-ਚੁੱਕ ਲਈ ਖਿਮਾ ਜਾਚਨਾ ਮੰਗਦੇ ਹਨ। ਉਨ੍ਹਾਂ ਯੂਨੀਵਰਸਿਟੀ ਵਿੱਚ ਧਾਰਮਿਕ ਖੇਤਰ ਨਾਲ ਜੁੜੇ ਪ੍ਰਬੰਧਾਂ ਨੂੰ ਹੋਰ ਵੀ ਵਧੇਰੇ ਸੁਚੱੱਜਤਾ ਨਾਲ ਨਿਭਾਉਣ ਦੀ ਕਾਰਵਾਈ ਨੂੰ ਯਕੀਨੀ ਬਣਾਉਣ ਦਾ ਵਾਅਦਾ ਕੀਤਾ। ਉੱਧਰ ਸ਼੍ਰੋਮਣੀ ਕਮੇਟੀ ਵੱੱਲੋਂ ਗਠਿਤ ਤਿੰਨ ਮੈਂਬਰੀ ਕਮੇਟੀ ਦੇ ਮੁਖੀ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਨੇ ਆਖਿਆ ਕਿ ਇਸ ਕਮੇਟੀ ਨੇ ਉਪ ਕੁਲਪਤੀ ਨੂੰ ਨਾਲ ਲੈ ਕੇ ਜਦੋਂ ਲਾਇਬ੍ਰੇਰੀ ਦਾ ਦੌਰਾ ਕੀਤਾ ਤਾਂ ਉੱਥੇ ਧਾਰਮਿਕ ਗ੍ਰੰਥਾਂ, ਪੁਸਤਕਾਂ ਅਤੇ ਪੋਥੀਆਂ ਆਦਿ ਪੂਰਨ ਗੁਰਮਰਿਆਦਾ ਮੁਤਾਬਕ ਰੱਖੀਆਂ ਹੋਈਆਂ ਸਨ। ਉਨ੍ਹਾਂ ਮੁਤਾਬਕ ਵਿਵਾਦ ਪੁਸਤਕਾਂ ਦੀ ਵੀਡੀਓ ਬਣਾ ਕੇ ਵਾਇਰਲ ਕਰਨ ਦਾ ਹੈ। ਇਸ ਪਿਛਲੇ ਕਾਰਨ ਕੀ ਰਹੇ, ਉਹ ਇੱਕ ਵੱਖਰਾ ਪਹਿਲੂ ਹੈ, ਪਰ ਇਹ ਵੀਡੀਓ ਹੀ ਵਿਵਾਦ ਦਾ ਕਾਰਨ ਬਣੀ ਹੈ। ਜਿਸ ਕਰਕੇ ਕਮੇਟੀ ਵੱਲੋਂ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਵਿਦਿਆਰਥੀਆਂ ਦੀ ਸਹਿਮਤੀ ਨਾਲ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ। ਉਨ੍ਹਾਂ ਆਖਿਆ ਕਿ ਸੰਸਥਾ ਦੇ ਮੁਖੀ ਨੇ ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਹੋ ਕੇ ਖਿਮਾ ਮੰਗ ਲਈ ਹੈ ਤੇ ਇਹ ਮਾਮਲਾ ਹੁਣ ਧਾਰਮਿਕ ਤੌਰ ’ਤੇ ਖ਼ਤਮ ਹੋ ਗਿਆ ਹੈ। ਦੱਸਣਯੋਗ ਹੈ ਕਿ ਲਾਇਬ੍ਰੇਰੀ ਵਿਚਲੀਆਂ ਕੁਝ ਪੁਸਤਕਾਂ ਸਬੰਧੀ ਵਾਇਰਲ ਹੋਈ ਵੀਡੀਓ ਦੇ ਹਵਾਲੇ ਨਾਲ ਸੈਫੀ ਨੇ ਧਾਰਮਿਕ ਪੁਸਤਕਾਂ ਦੀ ਕਥਿਤ ‘ਬੇਅਦਬੀ’ ਹੋਈ ਹੋਣ ਦੇ ਤਰਕ ਦਿੰਦਿਆਂ ਇਥੇ ਉਪ ਕੁਲਪਤੀ ਦਫ਼ਤਰ ਮੂਹਰੇ ਧਰਨਾ ਲਾ ਦਿੱਤਾ ਸੀ ਪਰ ਯੂਨੀਵਰਸਿਟੀ ਪ੍ਰਸ਼ਾਸਨ ਨੇ ਬੇਅਦਬੀ ਹੋਣ ਦੀ ਗੱਲ ਨਕਾਰ ਦਿੱਤੀ ਸੀ।