ਖੇਤਰੀ ਪ੍ਰਤੀਨਿਧ
ਪਟਿਆਲਾ, 20 ਅਪਰੈਲ
ਪੰਜਾਬੀ ਯੂਨੀਵਰਸਿਟੀ ਇਸ ਕਦਰ ਵਿੱਤੀ ਸੰਕਟ ਨਾਲ ਜੂਝ ਰਹੀ ਹੈ ਕਿ ਤਨਖ਼ਾਹਾਂ ਦਾ ਬੰਦੋਬਸਤ ਕਰਨਾ ਵੀ ਔਖਾ ਹੋ ਗਿਆ ਹੈ। ਅਧਿਕਾਰਤ ਅੰਕੜਿਆਂ ਮੁਤਾਬਕ ’ਵਰਸਿਟੀ ਇਸ ਵੇਲੇ 207 ਕਰੋੜ ਰੁਪਏ ਦੇ ਘਾਟੇ ਦਾ ਸਾਹਮਣਾ ਕਰ ਰਹੀ ਹੈ। ਯੂਨੀਵਰਸਿਟੀ ਦੇ ਚਾਂਸਲਰ ਨੇ ਅੱਜ ਵਿੱਤੀ ਸੰਕਟ ਸਬੰਧੀ ਸੂਬੇ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਯੂਨੀਵਰਸਿਟੀ ਦੀ ਮਾੜੀ ਆਰਥਿਕ ਸਥਿਤੀ ਬਾਰੇ ਜਾਣੂ ਕਰਵਾਇਆ। ਵਿੱਤ ਮੰਤਰੀ ਨੇ ਵੀਸੀ ਨੂੰ ਭਰੋਸਾ ਦਿੱਤਾ ਕਿ ਸਰਕਾਰ ਯੂਨੀਵਰਸਿਟੀ ਨੂੰ ਵਿੱਤੀ ਸੰਕਟ ’ਚੋਂ ਕੱਢੇਗੀ। ਵਾਈਸ ਚਾਂਸਲਰ ਨੇ ਯੂਨੀਵਰਸਿਟੀ ਨੂੰ ਇਸ ਸੰਕਟ ਤੋਂ ਮੁਕਤ ਕਰਾਉਣ ਲਈ 150 ਕਰੋੜ ਦੀ ਯਕਮੁਸ਼ਤ ਮਦਦ ਸਮੇਤ ਮਹੀਨਾਵਾਰ ਵੀਹ ਕਰੋੜ ਰੁਪਏ ਗਰਾਂਟ ਜਾਰੀ ਕਰਨ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਚੰਨੀ ਨੇ ਆਪਣੇ ਕਾਰਜਕਾਲ ਦੌਰਾਨ ਇਸ ਕਰਜ਼ੇ ਵਿੱਚੋਂ 150 ਕਰੋੜ ਰੁਪਏ ਦੀ ਭਰਪਾਈ ਸਰਕਾਰ ਵੱਲੋਂ ਕਰਨ ਤੇ ਮਹੀਨਾਵਾਰ ਗਰਾਂਟ ਵਧਾ ਕੇ ਵੀਹ ਕਰੋੜ ਰੁਪਏ ਕਰਨ ਦਾ ਐਲਾਨ ਕੀਤਾ ਸੀ। ਇਸ ਮਗਰੋਂ ਬੀਤੀ 29 ਮਾਰਚ ਨੂੰ ਇਥੇ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ’ਵਰਸਿਟੀ ਨੂੰ ਛੇਤੀ ਹੀ ਕਰਜ਼ਾ ਮੁਕਤ ਕਰਨ ਦਾ ਐਲਾਨ ਕੀਤਾ ਸੀ। ਵਿੱਤ ਮੰਤਰੀ ਹਰਪਾਲ ਚੀਮਾ ਨੇ ਆਖਿਆ ਕਿ ‘ਆਪ’ ਸਰਕਾਰ ਯੂਨੀਵਰਸਿਟੀ ਨੂੰ ਸੰਕਟ ਮੁਕਤ ਕਰਨ ਲਈ ਵਚਨਬੱਧ ਹੈ।