ਜਸਵੰਤ ਜੱਸ
ਫ਼ਰੀਦਕੋਟ, 28 ਮਾਰਚ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੌਜੂਦਾ ਅਤੇ ਸਾਬਕਾ ਵਿਦਿਆਰਥੀ ਦਿੱਲੀ ਵਿੱਚ ਚੱਲ ਰਹੇ ਕਿਸਾਨੀ ਅੰਦੋਲਨ ਦੀ ਸ਼ਾਨ ਵਧਾ ਰਹੇ ਹਨ। ਇਕੱਤਰ ਵੇਰਵਿਆਂ ਅਨੁਸਾਰ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕਾਨੂੰਨ ਦੀ ਪੜ੍ਹਾਈ ਕਰ ਚੁੱਕੇ ਹਨ। ਯੂਨੀਵਰਸਿਟੀ ’ਚ ਰਹਿੰਦਿਆਂ ਹੀ ਰਾਜਿੰਦਰ ਸਿੰਘ ਨੇ ਪੰਜਾਬ ਸਟੂਡੈਂਟਸ ਯੂਨੀਅਨ ਲਈ ਅੱਗੇ ਹੋ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਗਾਇਕ ਕੰਵਰ ਗਰੇਵਾਲ ਵੀ ਪੰਜਾਬੀ ਯੂਨੀਵਰਸਿਟੀ ਦੇ ਕਲਾ ਵਿਭਾਗ ’ਚੋਂ ਪੜ੍ਹਾਈ ਕਰ ਚੁੱਕੇ ਹਨ। ਪਹਿਲੇ ਦਿਨ ਤੋਂ ਦਿੱਲੀ ਵਿੱਚ ਸੰਘਰਸ਼ ਵਿੱਚ ਡਟੇ ਕੰਵਰ ਗਰੇਵਾਲ ਨੇ ਕਿਸਾਨੀ ਅੰਦੋਲਨ ਨੂੰ ਸਿਖਰ ’ਤੇ ਪਹੁੰਚਾਉਣ ਲਈ ਕਈ ਗੀਤ ਵੀ ਗਾਏ। 26 ਜਨਵਰੀ ਨੂੰ ਸ਼ਰਾਰਤੀ ਅਨਸਰਾਂ ਕਰਕੇ ਮੁਸ਼ਕਲਾਂ ’ਚ ਘਿਰੇ ਕਿਸਾਨੀ ਅੰਦੋਲਨ ਨੂੰ ਸਹਾਰਾ ਦੇਣ ਲਈ ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਨੇ ਵੀ ਇਸ ਸੰਘਰਸ਼ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਈ ਹੈ। ਰੁਪਿੰਦਰ ਹਾਂਡਾ ਕਿਸਾਨੀ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਪੰਜਾਬ, ਹਰਿਆਣਾ, ਉਤਰਾਖੰਡ, ਉੱਤਰ ਪ੍ਰਦੇਸ਼, ਰਾਜਸਥਾਨ, ਪੱਛਮੀ ਬੰਗਾਲ ਅਤੇ ਹੋਰ ਸੂਬਿਆਂ ਵਿੱਚ ਰੈਲੀਆਂ ਕਰ ਚੁੱਕੀ ਹੈ। ਸੰਯੁਕਤ ਕਿਸਾਨ ਮੋਰਚੇ ਦੇ ਲੀਗਲ ਸੈੱਲ ਦੇ ਕਨਵੀਨਰ ਪ੍ਰੇਮ ਸਿੰਘ ਭੰਗੂ ਪੰਜਾਬੀ ਯੂਨੀਵਰਸਿਟੀ ’ਚੋਂ ਪੋਸਟ ਗਰੈਜੂਏਟ ਤੱਕ ਦੀ ਪੜ੍ਹਾਈ ਕਰ ਚੁੱਕੇ ਹਨ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਰਮਿੰਦਰ ਸਿੰਘ ਪਟਿਆਲਾ ਵੀ ਪੰਜਾਬੀ ਯੂਨੀਵਰਸਿਟੀ ’ਚੋਂ ਪੜ੍ਹੇ ਹਨ। ਕਿਸਾਨ ਆਗੂ ਨਿਰਭੈ ਸਿੰਘ ਢੁੱਡੀਕੇ ਨੇ ਕਿਹਾ ਕਿ ਨੌਜਵਾਨ ਕਿਸਾਨ ਆਗੂਆਂ ਨੇ ਭਾਰਤ ਸਰਕਾਰ ਦੇ ਅਧਿਕਾਰੀਆਂ ਨਾਲ ਖੇਤੀ ਕਾਨੂੰਨਾਂ ਬਾਰੇ ਜੋ ਬਹਿਸ ਕੀਤੀ, ਉਹ ਵਾਕਿਆ ਹੀ ਬਾਕਮਾਲ ਸੀ ਅਤੇ ਇਸ ਗੱਲ ਦਾ ਸਿਹਰਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਵੀ ਜਾਂਦਾ ਹੈ।
ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਪ੍ਰਧਾਨ ਰਜਿੰਦਰ ਸਿੰਘ ਭਦੌੜ ਨੇ ਕਿਹਾ ਕਿ ਦਿੱਲੀ ’ਚ ਚੱਲ ਰਹੇ ਕਿਸਾਨੀ ਅੰਦੋਲਨ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਪਾੜ੍ਹਿਆਂ ਨੇ ਸਾਬਤ ਕੀਤਾ ਹੈ ਕਿ ਜੇ ਵਿੱਦਿਅਕ ਅਦਾਰੇ ਸਹੀ ਜ਼ਿੰਮੇਵਾਰੀ ਨਿਭਾਉਣ ਤਾਂ ਉਹ ਦੇਸ਼ ਨੂੰ ਲੋਕ ਪੱਖੀ ਨੌਜਵਾਨ ਆਗੂ ਦੇ ਸਕਦੇ ਹਨ।