ਰਵੇਲ ਸਿੰਘ ਭਿੰਡਰ
ਪਟਿਆਲਾ, 31 ਮਾਰਚ
ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਤੀ ਸਮੱਸਿਆਵਾਂ ਮਗਰੋਂ ਹੁਣ ਅਤਿ ਗੰਭੀਰ ਸੰਵਿਧਾਨਕ ਸੰਕਟ ’ਚ ਘਿਰ ਗਈ ਹੈ। ਯੂਨੀਵਰਸਿਟੀ ਦੇ ਕਰੀਬ ਤਿੰਨ ਦਰਜਨ ਤੋਂ ਵੱਧ ਅਧਿਆਪਕਾਂ ਵੱਲੋਂ 40 ਵਾਧੂ ਸੰਵਿਧਾਨਕ ਅਹੁਦਿਆਂ ਤੋਂ ਅਸਤੀਫ਼ੇ ਦੇਣ ਨਾਲ ਉਪ ਕੁਲਪਤੀ ਮਗਰੋਂ ਦੋ ਨੰਬਰ ਮੰਨੇ ਜਾਂਦੇ ਸੰਵਿਧਾਨਕ ਅਹੁਦੇ ਰਜਿਸਟਾਰ ਤੇ ਡੀਨ ਅਕਾਦਮਿਕ ਦੀਆਂ ਕੁਰਸੀਆਂ ਵੀ ਖਾਲੀ ਹੋ ਗਈਆਂ ਹਨ, ਜਿਸ ਨਾਲ ਯੂਨੀਵਰਸਿਟੀ ਇੱਕ ਤਰ੍ਹਾਂ ਵਾਲੀਵਾਰਸ ਤੋਂ ਸੱਖਣੀ ਹੋ ਗਈ ਹੈ।
ਦੱਸਣਯੋਗ ਹੈ ਕਿ ਯੂਨੀਵਰਸਿਟੀ ਦੇ ਇਤਿਹਾਸ ’ਚ ਪਹਿਲੀ ਵਾਰ ਵੱਡੇ ਰੋਸ ’ਚ ਅਧਿਆਪਕਾਂ ਵੱਲੋਂ ਥੋਕ ਵਿੱਚ ਪ੍ਰਸ਼ਾਸਨਿਕ ਅਹੁਦਿਆਂ ਤੋਂ ਅਸਤੀਫ਼ੇ ਦਿੱਤੇ ਗਏ ਹਨ। ਦੋ ਦਿਨਾਂ ਤੋਂ ਜਾਰੀ ਸਿਲਸਿਲੇ ਦੌਰਾਨ ਅੱਜ ਵੀ ਕਈ ਅਧਿਆਪਕਾਂ ਵੱਲੋਂ ਆਪਣੇ ਪ੍ਰਸ਼ਾਸਨਿਕ ਅਹੁਦਿਆਂ ਤੋਂ ਅਸਤੀਫ਼ੇ ਦਿੱਤੇ ਗਏ ਹਨ।
ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ (ਪੂਟਾ), ਏ ਕਲਾਸ ਆਫੀਸਰਜ਼ ਐਸੋਸੀਏਸ਼ਨ ਅਤੇ ਬੀ. ਅਤੇ ਸੀ. ਕਲਾਸ ਐਸੋਸੀਏਸ਼ਨ ਵੱਲੋਂ ਯੂਨੀਵਰਸਿਟੀ ਦੇ ਮੌਜੂਦਾ ਹਾਲਾਤ ਅਤੇ ਅਧਿਆਪਕਾਂ, ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਪੂਟਾ ਪ੍ਰਧਾਨ ਡਾ. ਨਿਸ਼ਾਨ ਸਿੰਘ ਦਿਓਲ ਨੇ ਮੌਜੂਦਾ ਕਾਰਜਕਾਰੀ ਵੀ.ਸੀ. ਦੇ ਯੂਨੀਵਰਸਿਟੀ ਮੁਲਾਜ਼ਮਾਂ ਨਾਲ ਸਬੰਧਤ ਮਸਲਿਆਂ ਨੂੰ ਸੁਲਝਾਉਣ ਵਿੱਚ ਕੀਤੀ ਜਾ ਰਹੀ ਬੇਲੋੜੀ ਦੇਰੀ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਕਾਰਜਕਾਰੀ ਵੀਸੀ ਵੱਲੋਂ ਯੂਨੀਵਰਸਿਟੀ ’ਚ ਰੈਗੂਲਰ ਨਾ ਆਉਣ ਕਰਕੇ ਇਹ ਮਸਲੇ ਲਗਾਤਾਰ ਉਲਝ ਰਹੇ ਹਨ ਅਤੇ ਇਸ ਦਾ ਇਕਲੌਤਾ ਹੱਲ ਤੁਰੰਤ ਰੈਗੂਲਰ ਉਪ ਕੁਲਪਤੀ ਦੀ ਨਿਯੁਕਤੀ ਹੈ, ਜੋ ਪੰਜਾਬ ਸਰਕਾਰ ਨੂੰ ਪਹਿਲ ਦੇ ਆਧਾਰ ’ਤੇ ਕਰਨੀ ਚਾਹੀਦੀ ਹੈ।
ਡਾ. ਦਿਓਲ ਨੇ ਦੱਸਿਆ ਕਿ ਕਿ 40 ਤੋਂ ਵੱਧ ਅਧਿਆਪਕਾਂ ਵੱਲੋਂ ਆਪਣੇ ਵਾਧੂ ਪ੍ਰਸ਼ਾਸ਼ਨਿਕ ਅਹੁਦਿਆਂ ਤੋਂ ਅਸਤੀਫਾ ਦੇਣਾ ਪੰਜਾਬ ਸਰਕਾਰ ਤੇ ਮੌਜੂਦਾ ਉਪ ਕੁਲਪਤੀ ਦੀ ਕਾਰਜਸ਼ੈਲੀ ’ਤੇ ਵੱਡਾ ਪ੍ਰਸ਼ਨ ਚਿੰਨ੍ਹ ਲਗਾਉਦਾ ਹੈ। ਅਜਿਹੀ ਸਥਿਤੀ ਵਿੱਚ ਕਾਰਜਕਾਰੀ ਉਪ ਕੁਲਪਤੀ ਨੂੰ ਨੈਤਿਕ ਆਧਾਰ ’ਤੇ ਖ਼ੁਦ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਕਾਰਜਕਾਰੀ ਵੀ.ਸੀ. ’ਤੇ ਯੂਨੀਵਰਸਿਟੀ ਨਾ ਆਉਣ ਦਾ ਵੀ ਦੋਸ਼ ਮੜਿਆ। ਪੂਟਾ ਸਕੱਤਰ ਡਾ. ਅਵਨੀਤ ਪਾਲ ਸਿੰਘ ਨੇ ਦੱਸਿਆ ਕਿ ਅੱਜ ਪੂਟਾ ਦੇ ਜਨਰਲ ਇਜਲਾਸ ’ਚ ਕਾਰਜਕਾਰੀ ਉਪ ਕੁਲਪਤੀ ਵੱਲੋਂ ਜਾਰੀ 20 ਨੁਕਤਿਆਂ ਵਾਲੀ ਚੈੱਕਲਿਸਟ ਨੂੰ ਸਰਬਸੰਮਤੀ ਨਾਲ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਮੌਕੇ ਮੁਲਾਜ਼ਮ ਆਗੂ ਗੁਰਿੰਦਰਪਾਲ ਸਿੰਘ ਬੱਬੀ ਤੇ ਸ਼ਪਿੰਦਰਪਾਲ ਸਿੰਘ ਨੇ ਕਾਰਜਕਾਰੀ ਉਪ ਕੁਲਪਤੀ ’ਤੇ ਸਿੰਡੀਕੇਟ ਦੇ ਪ੍ਰਵਾਨਿਤ ਫ਼ੈਸਲਿਆਂ ਨੂੰ ਵੀ ਅੱਖੋਂ ਪਰੋਖੇ ਕਰਨ ਕਰਨ ਤੋਂ ਇਲਾਵਾ ਮੁਲਾਜ਼ਮਾਂ ਨਾਲ ਗੱਲਬਾਤ ਵੇਲੇ ਅੜੀਅਲ ਤੇ ਬੇਸਲੀਕਾ ਵਿਵਹਾਰ ਕਰਨ ਦੇ ਵੀ ਦੋਸ਼ ਮੜੇ। ਉੱਧਰ ਪੱਖ ਜਾਣਨ ਲਈ ਕੀਤੇ ਫੋਨ ਦਾ ਕਾਰਜਕਾਰੀ ਉਪ ਕੁਲਪਤੀ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ।