ਸਰਬਜੀਤ ਸਿੰਘ ਭੰਗੂ
ਪਟਿਆਲਾ, 25 ਅਗਸਤ
ਪੰਜਾਬੀ ਯੂਨੀਵਰਸਿਟੀ ਵਿਚਲੀ ‘ਡਾ. ਗੰਡਾ ਸਿੰਘ ਰੈਂਫਰੈਂਸ ਲਾਇਬ੍ਰੇਰੀ’ ਵਿੱਚ ਧਾਰਮਿਕ ਪੁਸਤਕਾਂ ਦੀ ਕਥਿਤ ਬੇਅਦਬੀ ਹੋਣ ਦੇ ਦੋਸ਼ ਲਾਉਂਦਿਆਂ ‘ਸੈਫੀ’ ਨਾਮ ਦੀ ਵਿਦਿਆਰਥੀ ਜਥੇਬੰਦੀ ਵੱਲੋਂ ਉਠਾਏ ਗਏ ਮਾਮਲੇ ’ਤੇ ਪੰਜਾਬੀ ਯੂਨੀਵਰਸਿਟੀ ਵੀ ਸਾਹਮਣੇ ਆ ਗਈ ਹੈ। ਸੈਫੀ ਵੱਲੋਂ ਲਾਏ ਦੋਸ਼ਾਂ ਅਤੇ ਦਾਅਵਿਆਂ ਨੂੰ ਨਕਾਰਦਿਆਂ ਯੂਨੀਵਰਸਿਟੀ ਨੇ ਬੇਅਦਬੀ ਸਬੰਧੀ ਵਿਵਾਦ ਨੂੰ ਬੇਲੋੜਾ ਅਤੇ ਨਿਰਮੂਲ ਕਰਾਰ ਦਿੱਤਾ ਹੈ।
ਦੱਸਣਯੋਗ ਹੈ ਕਿ ਧਾਰਮਿਕ ਪੁਸਤਕਾਂ ਦੀ ਬੇਅਦਬੀ ਦੇ ਦੋਸ਼ ਲਾਉਣ ਵਾਲੀ ‘ਸੈਫੀ’ ਨੇ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਉਪ ਕੁਲਪਤੀ ਦਫ਼ਤਰ ਅੱਗੇ ਸੈਫੀ ਦੇ ਇਕਾਈ ਪ੍ਰਧਾਨ ਯਾਦਵਿੰਦਰ ਸਿੰਘ ਯਾਦੂ ਦੀ ਅਗਵਾਈ ਹੇਠ ਪੱਕਾ ਮੋਰਚਾ ਲਾਇਆ ਹੋਇਆ ਹੈ, ਜੋ ਅੱਜ ਪੰਜਵੇਂ ਦਿਨ ਵੀ ਜਾਰੀ ਰਿਹਾ। ਸੈਫੀ ਦੀ ਸ਼ਿਕਾਇਤ ’ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਿੰਨ ਮੈਂਬਰਾਂ ਜਰਨੈਲ ਸਿੰਘ ਕਰਤਾਰਪੁਰੀ, ਡਾ. ਚਮਕੌਰ ਸਿੰਘ ਤੇ ਪ੍ਰੋ. ਪਰਮਵੀਰ ਸਿੰਘ ਨੇ ਲਾਇਬ੍ਰੇਰੀ ਦਾ ਦੌਰਾ ਕੀਤਾ।
ਜਿਸ ਦੌਰਾਨ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੀ ਮੌਜੂਦ ਸਨ। ਦੂਜੇ ਪਾਸੇ ਮੀਡੀਆ ਦੇ ਨਾਂ ਜਾਰੀ ਬਿਆਨ ’ਚ ਯੂਨੀਵਰਸਿਟੀ ਦੇ ਬੁਲਾਰੇ ਨੇ ਕਿਹਾ ਕਿ ਲਾਇਬ੍ਰੇਰੀ ਵਿੱਚ ਦੁਰਲੱਭ ਕਿਤਾਬਾਂ ਵਾਲੀ ਡਾ. ਗੰਡਾ ਸਿੰਘ ਪੰਜਾਬੀ ਰੈਂਫਰੈਂਸ ਲਾਈਬਰੇਰੀ ਦਾ ਬਾਰੀਕੀ ਨਾਲ ਜਾਇਜ਼ਾ ਲਿਆ ਗਿਆ ਸੀ, ਜਿਸ ਦੌਰਾਨ ਵਾਲੰਟੀਅਰ ਵਜੋਂ ਸ਼ਾਮਲ ਕਿਸੇ ਵਿਦਿਆਰਥੀ ਨੇ ਕੁਝ ਅਕਾਦਮਿਕ ਕਿਤਾਬਾਂ ਦੀਆਂ ਤਸਵੀਰਾਂ ਖਿੱਚ ਕੇ ਸੋਸ਼ਲ ਮੀਡੀਆ ਉੱਤੇ ਪਾ ਦਿੱਤੀਆਂ ਸਨ। ਇਨ੍ਹਾਂ ਤਸਵੀਰਾਂ ਨੂੰ ਹੀ ‘ਬੇਅਦਬੀ’ ਦੇ ਸਬੂਤ ਵਜੋਂ ਪ੍ਰਚਾਰ ਕੇ ਯੂਨੀਵਰਸਿਟੀ ਨੂੰ ਕਮਜ਼ੋਰ ਕਰਨ ਦੀ ਵਿਉਂਤਵੰਦੀ ਉਲੀਕੀ ਜਾ ਰਹੀ ਹੈ।
ਰਜਿਸਟਰਾਰ ਪ੍ਰੋ. ਨਵਜੋਤ ਕੌਰ ਨੇ ਕਿਹਾ ਕਿ ਯੂਨੀਵਰਸਿਟੀ ਹਰ ਧਰਮ ਅਤੇ ਉਸ ਦੇ ਮੁਕੱਦਸ ਗ੍ਰੰਥਾਂ ਦਾ ਸਤਿਕਾਰ ਕਰਦੀ ਹੈ ਤੇ ਇਸੇ ਮਕਸਦ ਨਾਲ ਮਰਿਆਦਾ ਮੁਤਾਬਕ ਲੋੜੀਂਦਾ ਆਚਾਰ-ਵਿਹਾਰ ਤੈਅ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਥੇ ਅਜਿਹਾ ਕੁਝ ਵੀ ਨਹੀਂ ਹੋ ਰਿਹਾ, ਜਿਸ ਨੂੰ ‘ਬੇਅਦਬੀ’ ਕਰਾਰ ਦਿੱਤਾ ਜਾ ਸਕੇ। ਲਾਇਬ੍ਰੇਰੀ ਇੰਚਾਰਜ ਡਾ. ਗਿਆਨ ਸਿੰਘ ਨੇ ਕਿਹਾ ਕਿ ਇਸ ਲਾਇਬ੍ਰੇਰੀ ਵਿੱਚ ਕਦੇ ਵੀ ਕਿਸੇ ਵੀ ਧਾਰਮਿਕ ਪੁਸਤਕ ਜਾਂ ਪੋਥੀ ਆਦਿ ਵੀ ਬੇਅਦਬੀ ਜਾਂ ਨਿਰਾਦਰ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿੱਚ ਨਾ ਸਿਰਫ਼ ਧਾਰਮਿਕ ਪੁਸਤਕਾਂ, ਬਲਕਿ ਪਵਿੱਤਰ ਧਾਰਮਿਕ ਗ੍ਰੰਥ ਵੀ ਮੌਜੂਦ ਹਨ, ਜਿਨ੍ਹਾਂ ਨੂੰ ਵਿਸ਼ੇਸ਼ ਕਮਰੇ ਵਿੱਚ ਪੂਰੀ ਰਹਿਤ ਮਰਿਆਦਾ ਨਾਲ ਰੱਖਿਆ ਜਾਂਦਾ ਹੈ। ਰਜਿਸਟਰਾਰ ਦਾ ਕਹਿਣਾ ਹੈ ਕਿ ਲੋਕਾਂ ਨੂੰ ਗੁੰਮਰਾਹਕੁਨ ਪ੍ਰਚਾਰ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਅਦਾਰੇ ਨੂੰ ਬਿਹਤਰ ਬਣਾਉਣ ਲਈ ਯੂਨੀਵਰਸਿਟੀ ਢੁਕਵੇਂ ਸੁਝਾਵਾਂ ਦਾ ਸਦਾ ਸਤਿਕਾਰ ਕਰਦੀ ਹੈ।