ਜਲਾਲਾਬਾਦ (ਨਿੱਜੀ ਪੱਤਰ ਪ੍ਰੇਰਕ): ਇੱਥੋਂ ਨੇੜਲੇ ਪਿੰਡ ਅਮੀਰ ਖ਼ਾਸ ਦੇ ਵਾਸੀ ਸਾਬਕਾ ਚੇਅਰਮੈਨ ਬਲਦੇਵ ਰਾਜ ਕੰਬੋਜ ਦੇ ਪੁੱਤਰ ਸਾਹਿਲ ਹਾਂਡਾ (22) ਦੀ ਕੈਨੇਡਾ ਦੇ ਸ਼ਹਿਰ ਓਂਟਾਰੀਓ ਵਿੱਚ ਸਮੁੰਦਰ ’ਚ ਡੁੱਬਣ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਸਾਹਿਲ ਕੈਨੇਡਾ ਵਿੱਚ ਪੜ੍ਹਨ ਲਈ ਗਿਆ ਹੋਇਆ ਸੀ ਅਤੇ ਉਹ ਲਗਭਗ ਪਿਛਲੇ ਚਾਰ ਸਾਲਾਂ ਤੋਂ ਓਂਟਾਰੀਓ ਵਿੱਚ ਰਹਿ ਰਿਹਾ ਸੀ। ਬੀਤੀ ਸ਼ਾਮ ਉਹ ਆਪਣੇ ਦੋਸਤਾਂ ਦੇ ਨਾਲ ਸਮੁੰਦਰ ਕਿਨਾਰੇ ਗਿਆ ਸੀ, ਜਿੱਥੇ ਡੁੱਬਣ ਕਰ ਕੇ ਉਸ ਦੀ ਮੌਤ ਹੋ ਗਈ। ਸਾਹਿਲ ਹੋਰੀਂ ਚਾਰ ਭੈਣ-ਭਰਾ ਹਨ ਅਤੇ ਉਹ ਦੋਵਾਂ ਭੈਣਾਂ ਤੋਂ ਛੋਟਾ ਹੈ। ਨੌਜਵਾਨ ਦੀ ਮੌਤ ਦੀ ਖ਼ਬਰ ਮਿਲਦੇ ਹੀ ਪਿੰਡ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।