ਸ਼ਗਨ ਕਟਾਰੀਆ
ਬਠਿੰਡਾ, 20 ਸਤੰਬਰ
ਪ੍ਰਸਿੱਧ ਗਾਇਕ ਮਲਕੀਤ ਸਿੰਘ ਨੇ ਖੇਤੀ ਬਿੱਲਾਂ ਦੇ ਮੁੱਦੇ ’ਤੇ ਅੰਨਦਾਤਿਆਂ ਦੀ ਹਮਾਇਤ ਕਰਦਿਆਂ ਆਖਿਆ, ‘ਪਹਿਲਾਂ ਸਰਕਾਰ ‘ਇਕ ਰਾਸ਼ਟਰ, ਇਕ ਭਾਸ਼ਾ’ ਦਾ ਨਾਅਰਾ ਲਿਆਈ ਸੀ ਜੋ ਗ਼ਲਤ ਸੀ।’ ਹੁਣ ਸਰਕਾਰ ‘ਇਕ ਰਾਸ਼ਟਰ, ਇਕ ਮੰਡੀ’ ਨਾਲ ਫਿਰ ਆਈ ਹੈ।’ ਉਨ੍ਹਾਂ ਕਿਹਾ ‘ਮੈਂ ਸੋਚਦਾ ਹਾਂ ਕਿ ਵੱਡੇ ਕਿਸਾਨ ਆਪਣੀ ਫ਼ਸਲ ਵੇਚਣ ਲਈ ਕਿਸੇ ਹੋਰ ਰਾਜ ਵਿੱਚ ਜਾ ਸਕਦੇ ਹਨ ਪਰ ਦਰਮਿਆਨੇ ਅਤੇ ਛੋਟੇ ਕਿਸਾਨਾਂ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ।
ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ। ਇਸ ਲਈ ਸਾਰਿਆਂ ਨੂੰ ਸਾਡੇ ਪੰਜਾਬ ਦੀ ਬਿਹਤਰੀ ਲਈ ਕੁੱਝ ਕਰਨਾ ਚਾਹੀਦਾ ਹੈ। ਮਲਕੀਤ ਨੇ ਕਿਹਾ, ‘ਗਾਣਿਆਂ ਵਿੱਚ ਅਸੀਂ ਜੱਟਾਂ ਨੂੰ ਵੱਡੇ ਹੀਰੋ ਵਜੋਂ ਪੇਸ਼ ਕਰਦੇ ਹਾਂ। ਮੈਂ ਸਾਰੇ ਪਰਵਾਸੀ ਭਾਰਤੀਆਂ ਅਤੇ ਕਲਾਕਾਰਾਂ ਨੂੰ ਉਨ੍ਹਾਂ ਦਾ ਸਮਰਥਨ ਕਰਨ ਦੀ ਅਪੀਲ ਕਰਾਂਗਾ। ਜੇਕਰ ਮੈਂ ਭਾਰਤ ਵਿੱਚ ਹੁੰਦਾ ਤਾਂ ਮੈਂ ਉਨ੍ਹਾਂ ਨਾਲ ਵਿਰੋਧ ਪ੍ਰਦਰਸ਼ਨ ਕਰਨ ਗਿਆ ਹੁੰਦਾ ਕਿਉਂਕਿ ਮੈਂ ਵੀ ਜੱਟ ਦਾ ਪੁੱਤ ਹਾਂ।’
ਮਲਕੀਤ ਸਿੰਘ ਨੇ ਸ਼ਨਿਚਰਵਾਰ ਰਾਤ ਸੋਸ਼ਲ ਮੀਡੀਆ ’ਤੇ ਆਪਣੇ ਪ੍ਰਸ਼ੰਸਕਾਂ ਨਾਲ ਲਾਈਵ ਗੱਲਬਾਤ ਦੌਰਾਨ ਇਹ ਗੱਲ ਕਹੀ। ਉਸ ਨੇ ਗੀਤ ਗਾਇਆ, ‘ਪੰਜਾਬ ਸਾਡਾ ਰਹੇ ਵੱਸਦਾ, ਖੇਤ ਮਜ਼ਦੂਰ ਰਹੇ ਵੱਸਦਾ’ ਅਤੇ ‘ਇਥੇ ਆਈਆਂ ਕਈ ਸਰਕਾਰਾਂ ਨੇ, ਪਰ ਦੁੱਖ ਸੁਣਿਆ ਨਹੀਂ ਕਦੀ ਕਿਸੇ ਜੱਟ ਦਾ’। ਗੁਰਦਾਸ ਮਾਨ ਵੀ ਬੀਤੀ ਰਾਤ ਕਿਸਾਨਾਂ ਦੇ ਹੱਕ ਵਿੱਚ ਨਿੱਤਰਿਆ ਅਤੇ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ‘ਕਿਸਾਨ ਹੈ-ਹਿੰਦੋਸਤਾਨ ਹੈ’ ਪੋਸਟ ਕੀਤਾ। ਉਨ੍ਹਾਂ ‘ਜੈ ਕਿਸਾਨ, ਜੈ ਜਵਾਨ। ਸਰਬੱਤ ਦਾ ਭਲਾ ਹੋਵੇ’ ਵੀ ਅੰਕਿਤ ਕੀਤਾ।” ਪੰਜਾਬੀ ਗਾਇਕ ਜਸਬੀਰ ਜੱਸੀ ਨੇ ਵੀ ਗੀਤ ਗਾਇਆ ਹੈ, ‘ਕੋਈ ਵੀ ਸਰਕਾਰ ਹੋਵੇ, ਕੋਈ ਵੀ ਦਰਬਾਰ ਹੋਵੇ, ਕਿਸਾਨ ਨੂੰ ਆਪਣੇ ਹੱਕਾਂ ਲਈ ਲੜਨਾ ਕਿਉਂ ਪੈਂਦਾ ਹੈ, ਦੇਸ਼ ਨੂੰ ਜ਼ਿੰਦਗੀ ਦੇ ਕੇ ਆਪ ਕਿਉਂ ਮਰਨਾ ਪੈਂਦਾ ਹੈ। ਕਿਉਂਕਿ ਕੋਈ ਸਰਕਾਰ ਅੰਨਦਾਤਾ ਦੀ ਗੱਲ ਨਹੀਂ ਸੁਣਦੀ, ਕਿਉਂ ਕੋਈ ਠੋਸ ਨੀਤੀ ਕਿਸਾਨ ਲਈ ਨਹੀਂ ਬਣਦੀ।’ ਇਸ ਤੋਂ ਪਹਿਲਾਂ ਸਾਲ 2018 ਵਿੱਚ ਵੀ ਜੱਸੀ ਨੇ ਦਿੱਲੀ ਦੇ ਰਾਮਲੀਲ੍ਹਾ ਮੈਦਾਨ ਵਿੱਚ ਕਿਸਾਨਾਂ ਦੇ ਪ੍ਰਦਰਸ਼ਨ ਵਿੱਚ ਹਿੱਸਾ ਲਿਆ ਸੀ। ਗਾਇਕ ਪੰਮੀ ਬਾਈ ਅਤੇ ਹਰਜੀਤ ਹਰਮਨ ਨੇ ਕਿਸਾਨਾਂ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ।