ਆਈਏਐੱਨਐਸ/ਪੱਤਰ ਪ੍ਰੇਰਕ
ਜੰਮੂ/ ਨਵਾਂ ਸ਼ਹਿਰ, 3 ਸਤੰਬਰ
ਇਥੋਂ ਦੀ ਪੁਲੀਸ ਨੇ ਅੱਜ ਪੰਜਾਬੀ ਜੋੜੇ ਨੂੰ ਊਧਮਪੁਰ ਜ਼ਿਲ੍ਹੇ ਵਿਚੋਂ ਸੱਤ ਕਿਲੋ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਹੈ। ਜੰਮੂ ਦੇ ਏਡੀਜੀਪੀ ਮੁਕੇਸ਼ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਊਧਮਪੁਰ ਜ਼ਿਲ੍ਹੇ ਵਿਚ ਕਾਰ ਦੀ ਤਲਾਸ਼ੀ ਲਈ ਤਾਂ ਪਤੀ-ਪਤਨੀ ਕੋਲੋਂ ਹੈਰੋਇਨ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਅੰਮ੍ਰਿਤਸਰ ਦੇ ਰਾਮ ਤੀਰਥ ਰੋਡ ਵਾਸੀ ਲਵਪ੍ਰੀਤ ਸਿੰਘ ਤੇ ਉਸ ਦੇ ਪਤਨੀ ਮਨਦੀਪ ਕੌਰ ਵਜੋਂ ਹੋਈ ਹੈ। ਪੁਲੀਸ ਅਧਿਕਾਰੀਆਂ ਅਨੁਸਾਰ ਮੁੱਢਲੀ ਪੜਤਾਲ ਵਿਚ ਪਤਾ ਲੱਗਿਆ ਹੈ ਕਿ ਇਹ ਦੋਵੇਂ ਹੋਰ ਰਾਜਾਂ ਵਿਚ ਨਸ਼ਾ ਤਸਕਰੀ ਕਰਦੇ ਸਨ ਤੇ ਇਨ੍ਹਾਂ ਖ਼ਿਲਾਫ਼ ਨਸ਼ਾ ਤਸਕਰੀ ਦੀਆਂ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕੀਤਾ ਗਿਆ ਹੈ।
ਇਸੇ ਦੌਰਾਨ ਨਵਾਂਸ਼ਹਿਰ ਦੇ ਸੀਆਈਏ ਨੇ 38 ਕਿੱਲੋ ਹੈਰੋਇਨ ਬਰਾਮਦਗੀ ਦੇ ਮਾਮਲੇ ਵਿੱਚ ਦੋ ਤਸਕਰਾਂ ਨੂੰ ਗੁਜਰਾਤ ਅਤੇ ਇਕ ਤਸਕਰ ਨੂੰ ਪਿੰਡ ਰੱਕੜਾਂ ਢਾਹਾਂ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਹੈਰੋਇਨ ਲਈ ਪੇਸ਼ਗੀ ਵਜੋਂ ਦਿੱਤੀ ਗਈ ਰਕਮ ਵਿੱਚੋਂ 77,000 ਰੁਪਏ ਬਰਾਮਦ ਕਰਨ ਦਾ ਵੀ ਦਾਅਵਾ ਕੀਤਾ ਹੈ। ਐੱਸਐੱਸਪੀ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਫੜੇ ਗਏ ਦੋ ਮੁੱਖ ਮੁਲਜ਼ਮਾਂ ਕੁਲਵਿੰਦਰ ਉਰਫ਼ ਕਿੰਦਾ ਅਤੇ ਬਿੱਟੂ ਨੇ ਮੰਨਿਆ ਸੀ ਕਿ ਹੈਰੋਇਨ ਦੀ ਖੇਪ ਉਹ ਰਾਜੇਸ਼ ਕੁਮਾਰ ਉਰਫ ਸੋਨੂੰ ਖੱਤਰੀ ਵਾਸੀ ਰੱਕੜਾਂ ਢਾਹਾਂ ਦੇ ਕਹਿਣ ’ਤੇ ਭੁੱਜ (ਗੁਜਰਾਤ) ਤੋਂ ਲੈ ਕੇ ਆਏ ਸਨ। ਪੁਲੀਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਇਕ ਮੁਲਜ਼ਮ ਸੋਮਨਾਥ ਉਰਫ ਬਿੱਕੋ ਵਾਸੀ ਕਰਾਵਰ ਨੂੰ ਪਿੰਡ ਰੱਕੜਾ ਢਾਹਾਂ ਤੋਂ 29 ਅਗਸਤ ਨੂੰ ਕਾਬੂ ਕੀਤਾ ਸੀ। ਮੁਲਜ਼ਮ ਕਿੰਦਾ ਦੀ ਨਿਸ਼ਾਨਦੇਹੀ ’ਤੇ ਹੀ ਪੁਲੀਸ ਨੇ ਦੋ ਤਸਕਰ ਜੱਟ ਹਮਦਾ ਹਰੁਨ ਅਤੇ ਜੱਟ ਉਮਰ ਕਮੀਸ਼ਾ ਜ਼ਿਲ੍ਹਾ ਕੱਛ ਗੁਜਰਾਤ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਵੇਂ ਮੁਲਜ਼ਮਾਂ ਨੂੰ ਗੁਜਰਾਤ ਤੋਂ ਟਰਾਂਜ਼ਿਟ ਰਿਮਾਂਡ ’ਤੇ ਲਿਆਂਦਾ ਗਿਆ, ਜਿਥੇ ਅਦਾਲਤ ਨੇ ਮੁਲਜ਼ਮਾਂ ਨੂੰ 4 ਰੋਜ਼ਾ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਮੁਲਜ਼ਮਾਂ ਦੇ ਪਾਿਕ ’ਚ ਤਸਕਰਾਂ ਨਾਲ ਸਬੰਧਾਂ ਦੀ ਪੁਸ਼ਟੀ ਹੋਈ ਹੈ।