ਚੰਡੀਗੜ੍ਹ (ਟਨਸ): ਪੰਜਾਬ ਦੀ ਸਿਆਸਤ ਵਿਚ ਅਪਰਾਧਕ ਪਿਛੋਕੜ ਵਾਲੇ ਅਤੇ ਅਮੀਰ ਸਿਆਸਤਦਾਨਾਂ ਦੇ ਵਧਦੇ ਬੋਲਬਾਲੇ ਨੇ ਰਾਜਨੀਤੀ ਦਾ ਨਵਾਂ ਰੂਪ ਪੇਸ਼ ਕੀਤਾ ਹੈ। ਵਿਧਾਨ ਸਭਾ ਚੋਣਾਂ ਦੇ ਮੈਦਾਨ ’ਚ ਨਿੱਤਰੇ ਸਮੁੱਚੇ ਉਮੀਦਵਾਰਾਂ ਦੇ ਕਿਰਦਾਰ ਤੇ ਅਸਾਸਿਆਂ ਦੀ ਸਮੀਖਿਆ ਕਰਦਿਆਂ ਪੰਜਾਬ ਇਲੈਕਸ਼ਨ ਵਾਚ ਅਤੇ ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਿਫਾਰਮਜ਼ (ਏਡੀਆਰ) ਨੇ ਖੁਲਾਸਾ ਕੀਤਾ ਹੈ ਕਿ ਕੁੱਲ ਉਮੀਦਵਾਰਾਂ ’ਚੋਂ 25 ਫੀਸਦੀ ’ਤੇ ਅਪਰਾਧਕ ਕੇਸ ਦਰਜ ਹਨ। 2017 ਦੀਆਂ ਚੋਣਾਂ ਦੌਰਾਨ ਇਹ ਗਿਣਤੀ 10 ਫੀਸਦੀ ਸੀ। ਇਨ੍ਹਾਂ ਵਿਚ ਕਤਲ, ਜਬਰ-ਜਨਾਹ ਤੇ ਇਰਾਦਾ ਕਤਲ ਵਰਗੇ ਸੰਗੀਨ ਮਾਮਲੇ ਵੀ ਸ਼ਾਮਲ ਹਨ। ਏਡੀਆਰ ਦੇ ਟਰੱਸਟੀ ਜਸਕੀਰਤ ਸਿੰਘ, ਪੰਜਾਬ ਇਲੈਕਸ਼ਨ ਵਾਚ ਦੇ ਪਰਵਿੰਦਰ ਸਿੰਘ ਕਿੱਤਣਾ ਅਤੇ ਹਰਪ੍ਰੀਤ ਸਿੰਘ ਨੇ ਦੱਸਿਆ ਕਿ 1276 ਉਮੀਦਵਾਰਾਂ ’ਚੋਂ 228 ਕੌਮੀ ਪਾਰਟੀਆਂ ਦੇ ਹਨ, 256 ਰਾਜ ਪਾਰਟੀਆਂ ਤੋਂ, 345 ਰਜਿਸਟਰਡ ਗੈਰ-ਮਾਨਤਾ ਪ੍ਰਾਪਤ ਪਾਰਟੀਆਂ ਤੋਂ ਹਨ ਅਤੇ 447 ਉਮੀਦਵਾਰ ਆਜ਼ਾਦ ਚੋਣ ਲੜ ਰਹੇ ਹਨ। ਅਕਾਲੀ ਦਲ ਦੇ 96 ਉਮੀਦਵਾਰਾਂ ’ਚੋਂ 65 (68 ਫੀਸਦੀ), ਆਮ ਆਦਮੀ ਪਾਰਟੀ ਦੇ 117 ਉਮੀਦਵਾਰਾਂ ’ਚੋਂ 58 (50 ਫੀਸਦੀ), ਭਾਜਪਾ ਦੇ 71 ਉਮੀਦਵਾਰਾਂ ’ਚੋਂ 27 (38 ਫੀਸਦੀ), ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ 14 ਉਮੀਦਵਾਰਾਂ ’ਚੋਂ 4 (29 ਫੀਸਦੀ), ਬਸਪਾ ਦੇ 20 ਉਮੀਦਵਾਰਾਂ ’ਚੋਂ 3 (15 ਫੀਸਦੀ), ਕਾਂਗਰਸ ਦੇ 117 ’ਚੋਂ 16 (14 ਫੀਸਦੀ) ਅਤੇ ਪੰਜਾਬ ਲੋਕ ਕਾਂਗਰਸ ਪਾਰਟੀ ਦੇ 27 ਵਿੱਚੋਂ 3 (11 ਫੀਸਦੀ) ਉਮੀਦਵਾਰਾਂ ਨੇ ਆਪਣੇ ਹਲਫ਼ਨਾਮਿਆਂ ਵਿੱਚ ਆਪਣੇ ਖ਼ਿਲਾਫ਼ ਅਪਰਾਧਿਕ ਮਾਮਲੇ ਦਰਜ ਹੋਣ ਦਾ ਖੁਲਾਸਾ ਕੀਤਾ ਹੈ। ਕੁੱਲ 1276 ਉਮੀਦਵਾਰਾਂ ’ਚੋਂ ਇਹ ਗਿਣਤੀ 315 (25 ਫੀਸਦੀ) ਬਣਦੀ ਹੈ।
ਜਨਤਕ ਨੁਮਾਇੰਦੇ ਚੁਣੇ ਜਾਣ ਲਈ ਲੋਕ ਕਚਿਹਰੇ ਵਿੱਚ ਉਤਰੇ ਇਨ੍ਹਾਂ ਸਿਆਸਤਦਾਨਾਂ ਖ਼ਿਲਾਫ਼ ਗੰਭੀਰ ਮਾਮਲਿਆਂ ਦੇ ਅੰਕੜੇ ਦੇਖੇ ਜਾਣ ਤਾਂ 15 ਉਮੀਦਵਾਰਾਂ ਨੇ ਔਰਤਾਂ ਵਿਰੁੱਧ ਅਪਰਾਧ ਨਾਲ ਸਬੰਧਤ ਕੇਸ ਹੋਣ ਦੀ ਗੱਲ ਕਬੂਲੀ ਹੈ। ਇਨ੍ਹਾਂ 15 ’ਚੋਂ 2 ਉਮੀਦਵਾਰਾਂ ਨੇ ਜਬਰ-ਜਨਾਹ (ਧਾਰਾ-376) ਨਾਲ ਸਬੰਧਤ ਕੇਸਾਂ ਦਾ ਪ੍ਰਗਟਾਵਾ ਕੀਤਾ ਹੈ। ਇਸੇ ਤਰ੍ਹਾਂ ਚਾਰ ਉਮੀਦਵਾਰਾਂ ਨੇ ਆਪਣੇ ਖ਼ਿਲਾਫ਼ ਕਤਲ (ਆਈਪੀਸੀ ਧਾਰਾ-302) ਨਾਲ ਸਬੰਧਤ ਕੇਸ ਐਲਾਨੇ ਹਨ ਜਦੋਂ ਕਿ 33 ਉਮੀਦਵਾਰਾਂ ਨੇ ਆਪਣੇ ਵਿਰੁੱਧ ਇਰਾਦਾ ਕਤਲ ਦੇ ਕੇਸ ਕਬੂਲੇ ਹਨ।
ਏਡੀਆਰ ਮੁਤਾਬਕ 117 ਹਲਕਿਆਂ ’ਚੋਂ 57 (49 ਫੀਸਦੀ) ਰੈੱਡ ਅਲਰਟ ਹਲਕੇ ਹਨ। ਰੈੱਡ ਅਲਰਟ ਹਲਕੇ ਉਹ ਹੁੰਦੇ ਹਨ, ਜਿੱਥੇ ਤਿੰਨ ਜਾਂ ਇਸ ਤੋਂ ਵੱਧ ਚੋਣ ਲੜ ਰਹੇ ਉਮੀਦਵਾਰਾਂ ਨੇ ਆਪਣੇ ਵਿਰੁੱਧ ਅਪਰਾਧਕ ਮਾਮਲਿਆਂ ਦਾ ਐਲਾਨ ਕੀਤਾ ਹੁੰਦਾ ਹੈ। ਪੰਜਾਬ ਭਾਵੇਂ ਗਰੀਬ ਹੁੰਦਾ ਜਾ ਰਿਹਾ ਹੈ ਪਰ ਅਮੀਰ ਸਿਆਸਤਦਾਨਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਚੋਣ ਮੈਦਾਨ ’ਚ ਨਿੱਤਰੇ 1276 ਉਮੀਦਵਾਰਾਂ ’ਚੋਂ 521 (41 ਫੀਸਦੀ) ਕਰੋੜਪਤੀ ਹਨ। 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ 1145 ਉਮੀਦਵਾਰਾਂ ’ਚੋਂ 428 (37 ਫੀਸਦੀ) ਕਰੋੜਪਤੀ ਸਨ। ਅਕਾਲੀ ਦਲ ਦੇ 96 ਉਮੀਦਵਾਰਾਂ ’ਚੋਂ 89 (93 ਫੀਸਦੀ), ਕਾਂਗਰਸ ਦੇ 117 ’ਚੋਂ 107 (92 ਫੀਸਦੀ), ਭਾਜਪਾ ਦੇ 71 ’ਚੋਂ 60 (85 ਫੀਸਦੀ), ਬਸਪਾ ਦੇ 20 ’ਚੋਂ 16 (80 ਫੀਸਦੀ), ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ 14 ’ਚੋਂ 11 (79 ਫੀਸਦੀ), ‘ਆਪ’ ਦੇ 117 ’ਚੋਂ 81 (69 ਫੀਸਦੀ) ਅਤੇ ਪੰਜਾਬ ਲੋਕ ਕਾਂਗਰਸ ਪਾਰਟੀ ਦੇ 27 ਉਮੀਦਵਾਰਾਂ ਵਿੱਚੋਂ 16 (59 ਫੀਸਦੀ) ਨੇ 1 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਦੇ ਮਾਲਕ ਹੋਣ ਦਾ ਐਲਾਨ ਕੀਤਾ ਹੈ। ਪ੍ਰਤੀ ਉਮੀਦਵਾਰ ਔਸਤ ਜਾਇਦਾਦ 4.31 ਕਰੋੜ ਰੁਪਏ ਹੈ। 117 ਕਾਂਗਰਸ ਉਮੀਦਵਾਰਾਂ ਦੀ ਪ੍ਰਤੀ ਉਮੀਦਵਾਰ ਔਸਤ ਜਾਇਦਾਦ 13.27 ਕਰੋੜ, ਅਕਾਲੀ ਦਲ ਦੇ 96 ਉਮੀਦਵਾਰਾਂ ਦੀ ਔਸਤ ਜਾਇਦਾਦ 12.69 ਕਰੋੜ ਰੁਪਏ, ਭਾਜਪਾ ਦੇ 71 ਉਮੀਦਵਾਰਾਂ ਦੀ ਔਸਤ ਜਾਇਦਾਦ 7.69 ਕਰੋੜ ਰੁਪਏ, ‘ਆਪ’ ਦੇ 117 ਉਮੀਦਵਾਰਾਂ ਦੀ ਔਸਤ ਜਾਇਦਾਦ 7.03 ਕਰੋੜ ਰੁਪਏ, ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ 14 ਉਮੀਦਵਾਰਾਂ ਦੀ ਔਸਤ ਜਾਇਦਾਦ 5.36 ਕਰੋੜ ਰੁਪਏ ਹੈ। ਪੰਜਾਬ ਲੋਕ ਕਾਂਗਰਸ ਪਾਰਟੀ ਦੇ 27 ਉਮੀਦਵਾਰਾਂ ਕੋਲ 5.27 ਕਰੋੜ ਰੁਪਏ ਦੀ ਔਸਤ ਜਾਇਦਾਦ ਅਤੇ ਬਸਪਾ ਦੇ 20 ਉਮੀਦਵਾਰਾਂ ਕੋਲ ਔਸਤ ਜਾਇਦਾਦ 4.27 ਕਰੋੜ ਰੁਪਏ ਹੈ। ਸਭ ਤੋਂ ਵੱਧ ਜਾਇਦਾਦ ਵਾਲੇ ਉਮੀਦਵਾਰ ਮੁਹਾਲੀ ਤੋਂ ‘ਆਪ’ ਦੇ ਕੁਲਵੰਤ ਸਿੰਘ 238 ਕਰੋੜ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 202 ਕਰੋੜ ਅਤੇ ਮੁਕਤਸਰ ਤੋਂ ਕਾਂਗਰਸ ਦੀ ਕਰਨ ਕੌਰ 155 ਕਰੋੜ ਦੇ ਮਾਲਕ ਹਨ। ਪੰਜ ਉਮੀਦਵਾਰਾਂ ਨੇ ਜ਼ੀਰੋ ਜਾਇਦਾਦ ਐਲਾਨੀ ਹੈ। ਵਿਧਾਨ ਸਭਾ ਚੋਣਾਂ ਲੜ ਰਹੇ 349 (27%) ਉਮੀਦਵਾਰਾਂ ਨੇ ਆਪਣੀ ਉਮਰ 25 ਤੋਂ 40 ਸਾਲ ਦੇ ਵਿਚਕਾਰ ਦੱਸੀ ਹੈ। 671 (53%) ਉਮੀਦਵਾਰਾਂ ਨੇ ਆਪਣੀ ਉਮਰ 41 ਤੋਂ 60 ਸਾਲ ਦੇ ਵਿਚਕਾਰ ਅਤੇ 254 (20%) ਉਮੀਦਵਾਰਾਂ ਨੇ ਆਪਣੀ ਉਮਰ 61 ਤੋਂ 80 ਸਾਲ ਦੇ ਵਿਚਕਾਰ ਦੱਸੀ ਹੈ। ਦੋ ਉਮੀਦਵਾਰ 80 ਸਾਲ ਤੋਂ ਵੱਧ ਦੇ ਹਨ। 90 (7 ਫੀਸਦੀ) ਮਹਿਲਾ ਉਮੀਦਵਾਰ ਚੋਣ ਮੈਦਾਨ ਵਿਚ ਨਿੱਤਰੀਆਂ ਹਨ।
ਚੋਣਾਂ ਲੜ ਰਹੇ 49 ਉਮੀਦਵਾਰ ਅਨਪੜ੍ਹ
ਪੰਜਾਬ ਦੇ ਉਮੀਦਵਾਰਾਂ ਦੀ ਵਿੱਦਿਅਤ ਯੋਗਤਾ ਦੇਖੀ ਜਾਵੇ ਤਾਂ 695 (54 ਫੀਸਦੀ) ਉਮੀਦਵਾਰਾਂ ਨੇ ਆਪਣੀ ਵਿਦਿਅਕ ਯੋਗਤਾ 5ਵੀਂ ਅਤੇ 12ਵੀਂ ਜਮਾਤ ਦੇ ਵਿਚਕਾਰ ਐਲਾਨੀ ਹੈ, ਜਦੋਂਕਿ 483 (38 ਫੀਸਦੀ) ਉਮੀਦਵਾਰਾਂ ਨੇ ਗਰੈਜੂਏਟ ਜਾਂ ਇਸ ਤੋਂ ਵੱਧ ਦੀ ਵਿਦਿਅਕ ਯੋਗਤਾ ਹੋਣ ਦਾ ਐਲਾਨ ਕੀਤਾ ਹੈ। ਇਸੇ ਤਰ੍ਹਾਂ 24 ਉਮੀਦਵਾਰ ਡਿਪਲੋਮਾ ਹੋਲਡਰ ਹਨ। 21 ਉਮੀਦਵਾਰਾਂ ਨੇ ਆਪਣੇ ਆਪ ਨੂੰ ਸਿਰਫ਼ ਪੜ੍ਹਿਆ-ਲਿਖਿਆ ਦੱਸਿਆ ਹੈ ਅਤੇ 49 ਉਮੀਦਵਾਰ ਅਨਪੜ੍ਹ ਹਨ।
51 ਫੀਸਦੀ ਉਮੀਦਵਾਰਾਂ ਵੱਲ ਕਰੋੜਾਂ ਦੀਆਂ ਦੇਣਦਾਰੀਆਂ
ਵਿਧਾਨ ਸਭਾ ਚੋਣਾਂ ਵਿਚ ਨਿੱਤਰੇ 653 (51 ਫੀਸਦੀ) ਉਮੀਦਵਾਰਾਂ ਨੇ ਆਪਣੇ ਹਲਫਨਾਮਿਆਂ ਵਿੱਚ ਦੇਣਦਾਰੀਆਂ ਦਾ ਐਲਾਨ ਕੀਤਾ ਹੈ। ਸਭ ਤੋਂ ਵੱਧ ਦੇਣਦਾਰੀਆਂ ਦਾ ਐਲਾਨ ਕਰਨ ਵਾਲੇ ਉਮੀਦਵਾਰਾਂ ਵਿੱਚ ਕਾਂਗਰਸ ਦੇ ਰਾਣਾ ਗੁਰਜੀਤ ਸਿੰਘ 71.75 ਕਰੋੜ, ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ 66.95 ਕਰੋੜ, ‘ਆਪ’ ਦੇ ਅਮਨ ਅਰੋੜਾ 22.88 ਕਰੋੜ ਰਹੇ। ਜਿਨ੍ਹਾਂ ਉਮੀਦਵਾਰਾਂ ਨੇ ਸਭ ਤੋਂ ਵੱਧ ਸਾਲਾਨਾ ਆਮਦਨ ਦੱਸੀ ਹੈ, ਉਨ੍ਹਾਂ ਵਿੱਚ ਕੁਲਵੰਤ ਸਿੰਘ 16.33 ਕਰੋੜ, ‘ਆਪ’ ਦੇ ਅਮਨ ਅਰੋੜਾ 5.66 ਕਰੋੜ, ਕਾਂਗਰਸ ਦੇ ਮਨਪ੍ਰੀਤ ਸਿੰਘ ਬਾਦਲ 3.15 ਕਰੋੜ ਹਨ।