ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 9 ਫਰਵਰੀ
ਪੰਜਾਬ ਵਿਧਾਨ ਸਭਾ ਚੋਣਾਂ ਦੇ ਮਾਹੌਲ ’ਚ ਈਡੀ ਦੀ ਗੂੰਜ ਪੈ ਰਹੀ ਹੈ। ਬੇਸ਼ੱਕ ਸਮੁੱਚਾ ਪੰਜਾਬ ਮਾਫ਼ੀਆ ਰਾਜ ਦੀ ਜਕੜ ਵਿੱਚ ਰਿਹਾ ਹੈ ਪਰ ਰਾਜਸੀ ਧਿਰਾਂ ਵੱਲੋਂ ਇਕੱਲੇ ਰੇਤ ਮਾਫ਼ੀਆ ਦੀ ਗੱਲ ਜ਼ੋਰਦਾਰ ਤਰੀਕੇ ਨਾਲ ਉਠਾਈ ਜਾ ਰਹੀ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਮਾਫ਼ੀਆ ਰਾਜ ਦੇ ਖ਼ਾਤਮੇ ਦਾ ਐਲਾਨ ਕੀਤਾ ਸੀ। ਹੁਣ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਆਗੂ ਰੇਤ ਮਾਫ਼ੀਆ ਦਾ ਮੁੱਦਾ ਚੁੱਕ ਰਹੇ ਹਨ।
ਐਨਫੋਰਸਮੈਂਟ ਡਾਇਰੈਕਟੋਰੇਟ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਨੂੰ ਗ਼ੈਰਕਾਨੂੰਨੀ ਖਣਨ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ। ਇਸੇ ਮੁੱਦੇ ’ਤੇ ਚੰਨੀ ਵਿਰੋਧੀ ਧਿਰਾਂ ਦੇ ਨਿਸ਼ਾਨੇ ’ਤੇ ਹਨ। ਜਦੋਂ ਤੋਂ ਕਾਂਗਰਸ ਨੇ ਮੁੱਖ ਮੰਤਰੀ ਦੇ ਚਿਹਰੇ ਵਜੋਂ ਚੰਨੀ ਨੂੰ ਪੇਸ਼ ਕੀਤਾ ਹੈ, ਵਿਰੋਧੀ ਧਿਰਾਂ ਨੇ ਉਨ੍ਹਾਂ ’ਤੇ ਸ਼ਬਦੀ ਹਮਲੇ ਤੇਜ਼ ਕਰ ਦਿੱਤੇ ਹਨ। ਦਲਿਤ ਭਾਈਚਾਰੇ ’ਚ ਚੰਨੀ ਦਾ ਅਕਸ ਧੁੰਦਲਾ ਕਰਨ ਲਈ 10 ਕਰੋੜ ਦੀ ਬਰਾਮਦ ਹੋਈ ਨਕਦੀ ਦੀ ਗੱਲ ਉਭਾਰੀ ਜਾ ਰਹੀ ਹੈ।
ਅੰਮ੍ਰਿਤਸਰ ਪੂਰਬੀ ਤੋਂ ਅਕਾਲੀ ਦਲ ਦੇ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਵੱਲੋਂ ਰੇਤ ਮਾਫ਼ੀਆ ਦੇ ਹਵਾਲੇ ਨਾਲ ਇਸ ਨੂੰ ‘ਚੰਨੀ ਮਾਡਲ’ ਆਖ ਕੇ ਵੀ ਵਿਅੰਗ ਕੀਤਾ ਜਾ ਰਿਹਾ ਹੈ। ਅੱਜ ਭਾਜਪਾ ਪੰਜਾਬ ਦੇ ਇੰਚਾਰਜ ਗਜੇਂਦਰ ਸ਼ੇਖਾਵਤ ਨੇ ਵੀ ਰੇਤ ਮਾਫ਼ੀਆ ਦੇ ਮਾਮਲੇ ’ਤੇ ਚੋਣ ਪ੍ਰਚਾਰ ਵਿਚ ਚਰਨਜੀਤ ਚੰਨੀ ਦੀ ਘੇਰਾਬੰਦੀ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚਰਨਜੀਤ ਚੰਨੀ ਦੇ ਕਰੀਬੀ ਤੋਂ ਬਰਾਮਦ ਹੋਈ ਰਾਸ਼ੀ ਸਬੰਧੀ ਨਵਜੋਤ ਸਿੰਘ ਸਿੱਧੂ ਦੀ ਚੁੱਪ ’ਤੇ ਅੱਜ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਰੇਤ ਮਾਫ਼ੀਆ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਹੈ।
ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਚਿਹਰੇ ਭਗਵੰਤ ਮਾਨ ਵੱਲੋਂ ਮੁੱਖ ਮੰਤਰੀ ਚੰਨੀ ਦੀ ਗ਼ਰੀਬੀ ਸਬੰਧੀ ਇਹ ਗੱਲ ਲੋਕਾਂ ਵਿਚ ਪ੍ਰਚਾਰੀ ਜਾ ਰਹੀ ਹੈ ਕਿ 170 ਕਰੋੜ ਦਾ ਮਾਲਕ ਗ਼ਰੀਬ ਕਿਵੇਂ ਹੋਇਆ। ਪੰਜਾਬ ਚੋਣਾਂ ਵਿਚ ਚਹੁੰ ਪਾਸੇ ਰੇਤ ਮਾਫ਼ੀਆ ਦੀ ਗੱਲ ਹੋ ਰਹੀ ਹੈ। ਸ਼ਰਾਬ ਮਾਫ਼ੀਆ, ਕੇਬਲ ਮਾਫ਼ੀਆ, ਟਰਾਂਸਪੋਰਟ ਮਾਫ਼ੀਆ ਦੀ ਕਿਧਰੇ ਵੀ ਗੱਲ ਨਹੀਂ ਹੋ ਰਹੀ ਹੈ।
ਗੱਠਜੋੜ ਸਰਕਾਰ ਸਮੇਂ ਆਇਆ ਮਾਫ਼ੀਆ: ਚੰਨੀ
ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਦੋ ਦਿਨਾਂ ਤੋਂ ਰੇਤ ਮਾਫ਼ੀਆ ਦੇ ਮੁੱਦੇ ’ਤੇ ਜਵਾਬੀ ਹਮਲੇ ਬੋਲੇ ਜਾ ਰਹੇ ਹਨ। ਚੰਨੀ ਨੇ ਕਾਂਗਰਸੀ ਉਮੀਦਵਾਰਾਂ ਦੇ ਪ੍ਰਚਾਰ ਦੌਰਾਨ ਕਿਹਾ ਕਿ ਗੱਠਜੋੜ ਸਰਕਾਰ ਦੌਰਾਨ ਪੰਜਾਬ ਵਿਚ ਮਾਫ਼ੀਆ ਰਾਜ ਆਇਆ ਹੈ ਅਤੇ ਉਨ੍ਹਾਂ ਨੇ ਨਸ਼ਾ ਮਾਫ਼ੀਆ ਦੇ ਮਗਰਮੱਛ ਨੂੰ ਹੱਥ ਪਾਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਕੇਂਦਰੀ ਏਜੰਸੀਆਂ ਰਾਹੀਂ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸਦਕੇ ਜਾਵਾਂ ਤੇਰੀ ਸਾਦਗੀ ਦੇ…
ਮੁੱਖ ਮੰਤਰੀ ਚਰਨਜੀਤ ਚੰਨੀ ਪੰਜਾਬ ਚੋਣਾਂ ਦੇ ਪ੍ਰਚਾਰ ਦੌਰਾਨ ਆਪਣੀ ਸਾਦਗੀ ਦਿਖਾਉਣ ਦਾ ਮੌਕਾ ਖੁੰਝਣ ਨਹੀਂ ਦੇ ਰਹੇ। ਅੱਜ ਉਨ੍ਹਾਂ ਨੇ ਚੋਣ ਪ੍ਰਚਾਰ ਦੌਰਾਨ ਇੱਕ ਪਿੰਡ ਵਿਚ ਕ੍ਰਿਕਟ ਖੇਡ ਰਹੇ ਨੌਜਵਾਨਾਂ ਨਾਲ ਕ੍ਰਿਕਟ ਖੇਡੀ ਅਤੇ ਇੱਕ ਪਿੰਡ ਦੀ ਸੱਥ ਵਿਚ ਬੈਠ ਕੇ ਤਾਸ਼ ਖੇਡਣ ਲੱਗ ਪਏ। ਇਵੇਂ ਦੋ ਦਿਨ ਪਹਿਲਾਂ ਇੱਕ ਢਾਬੇ ’ਤੇ ਰੁਕ ਕੇ ਖ਼ੁਦ ਤੜਕਾ ਲਾਇਆ। ਰੈਲੀਆਂ ਦੌਰਾਨ ਲੋਕਾਂ ਵਿਚ ਘੁਲ-ਮਿਲ ਜਾਣਾ ਤਾਂ ਹੁਣ ਆਮ ਬਣ ਗਿਆ ਹੈ।