ਗੁਰਦੀਪ ਸਿੰਘ ਲਾਲੀ
ਸੰਗਰੂਰ, 22 ਮਈ
ਨਸ਼ਿਆਂ ਵਿਰੁੱਧ ਲੜਾਂਗੇ, ਖੇਡਾਂ ਖੇਡਾਂਗੇ ਤੇ ਪੜਾਂਗੇ ਦੇ ਨਾਅਰੇ ਹੇਠ ਅੱਜ ਇਥੇ ਵਿਸ਼ਾਲ ਸਾਈਕਲ ਰੈਲੀ ਕੱਢੀ ਗਈ, ਜਿਸ ਵਿਚ ਪੰਜਾਬ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪੁੱਜੇ ਹਜ਼ਾਰਾਂ ਲੋਕਾਂ ਨੇ ਨਸ਼ਿਆਂ ਨੂੰ ਜੜ੍ਹੋਂ ਪੁੱਟਣ ਦਾ ਸੱਦਾ ਦਿੱਤਾ। ਪੰਜਾਬ ਦੀ ਸਭ ਤੋਂ ਵੱਡੀ ਸਾਈਕਲ ਰੈਲੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਅਤੇ ਖੁਦ ਵੀ ਰੈਲੀ ਵਿਚ ਸ਼ਾਮਲ ਹੋਏ। ਰੈਲੀ ਵਿਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਤੋਂ ਇਲਾਵਾ ਸੰਗਰੂਰ ਤੇ ਮਾਲੇਰਕੋਟਲਾ ਜ਼ਿਲ੍ਹਿਆਂ ਦੇ ਵਿਧਾਇਕਾਂ ਨੇ ਵੀ ਸ਼ਮੂਲੀਅਤ ਕੀਤੀ। ਜ਼ਿਲ੍ਹਾ ਪੁਲੀਸ ਮੁਖੀ ਮਨਦੀਪ ਸਿੰਘ ਸਿੱਧੂ ਦੇ ਅਣਥੱਕ ਯਤਨਾਂ ਸਦਕਾ ਕੱਢੀ ਗਈ ਸਾਈਕਲ ਰੈਲੀ ਵਿਚ ਸ਼ਾਮਲ ਹੋਣ ਲਈ ਅੱਜ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਪੰਜਾਬ ਭਰ ਤੋਂ ਲੋਕ ਸਾਈਕਲਾਂ ਸਮੇਤ ਸਥਾਨਕ ਜੀਜੀਐੱਸ ਸਕੂਲ ਦੇ ਖੇਡ ਮੈਦਾਨ ’ਚ ਵਹੀਰਾਂ ਘੱਤ ਕੇ ਪੁੱਜਣੇ ਸ਼ੁਰੂ ਹੋ ਗਏ ਸਨ। ਸ਼ਹਿਰ ਦੀਆਂ ਸੜਕਾਂ ’ਤੇ ਬਸੰਤੀ ਰੰਗ ਦੀਆਂ ਟੀ-ਸ਼ਰਟਾਂ ਵਾਲੇ ਸਾਈਕਲਿਸਟਾਂ ਦਾ ਹੜ੍ਹ ਆਇਆ ਹੋਇਆ ਸੀ। ਰੈਲੀ ਵਿਚ 14 ਤੋਂ 80 ਸਾਲ ਤੱਕ ਦੀ ਉਮਰ ਦੇ ਲੋਕਾਂ ਨੇ ਸ਼ਾਮਲ ਹੋ ਕੇ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਦਾ ਸੱਦਾ ਦਿੱਤਾ।
ਸਾਈਕਲ ਰੈਲੀ ਨੂੰ ਹਰੀ ਝੰਡੀ ਵਿਖਾਉਣ ਤੋਂ ਪਹਿਲਾਂ ਹਜ਼ਾਰਾਂ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹੁਣ ਤੱਕ ਸੰਗਰੂਰ ਦੀ ਧਰਤੀ ਤੋਂ ਜਿੰਨ੍ਹੇ ਵੀ ਸੁਨੇਹੇ ਦਿੱਤੇ ਗਏ ਹਨ, ਦੁਨੀਆਂ ਭਰ ਵਿਚ ਪੁੱਜੇ ਹਨ। ਸੰਨ 2014 ਅਤੇ 2019 ਦੇ ਲੋਕ ਸਭਾ ਅਤੇ 2022 ਦੇ ਵਿਧਾਨ ਸਭਾ ਨਤੀਜਿਆਂ ਤੋਂ ਬਾਅਦ ਅੱਜ ਨਸ਼ਿਆਂ ਖ਼ਿਲਾਫ਼ ਸਾਈਕਲ ਰੈਲੀ ਰਾਹੀਂ ਦਿੱਤਾ ਸੁਨੇਹਾ ਵੀ ਦੁਨੀਆਂ ਭਰ ’ਚ ਪੁੱਜੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਨਸ਼ਿਆਂ ਖ਼ਿਲਾਫ਼ ਜੰਗ ਹੋਰ ਤੇਜ਼ ਹੋਵੇਗੀ ਅਤੇ ਅਜਿਹੇ ਜਾਗਰੂਕ ਪ੍ਰੋਗਰਾਮਾਂ ਰਾਹੀਂ ਨੌਜਵਾਨਾਂ ਨੂੰ ਨਸ਼ਿਆਂ ਤੇ ਸਮਾਜਿਕ ਬੁਰਾਈਆਂ ਖ਼ਿਲਾਫ਼ ਪ੍ਰੇਰਿਤ ਕਰਦੇ ਰਹਾਂਗੇ। ਰੈਲੀ ਦਾ ਮਕਸਦ ਨੌਜ਼ਵਾਨਾਂ ਨੂੰ ਨਸ਼ਿਆਂ ਦੀ ਦਲਦਲ ’ਚੋ ਬਾਹਰ ਕੱਢਣਾ ਅਤੇ ਪੜ੍ਹਾਈ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਅੱਜ ਹਜ਼ਾਰਾਂ ਲੋਕ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਤੰਦਰੁਸਤ ਸਮਾਜ ਦੀ ਸਿਰਜਣਾ ਦਾ ਸੁਪਨਾ ਪੂਰਾ ਕਰਨ ਪੁੱਜੇ ਹਨ ਜੋ ਕਿ ਬਦਲਾਅ ਦੀ ਨਿਸ਼ਾਨੀ ਹੈ। ਉਨ੍ਹਾਂ ਕਿਹਾ ਪਹਿਲਾਂ ਲੋਕ ਕਿਹਾ ਕਰਦੇ ਸਨ ‘ਸਾਡਾ ਨੀਂ ਕਸੂਰ ਸਾਡਾ ਜ਼ਿਲ੍ਹਾ ਸੰਗਰੂਰ’ ਪਰ ਹੁਣ ਤੋਂ ਕਿਹਾ ਜਾਵੇਗਾ ‘ਸਾਨੂੰ ਬਹੁਤ ਸਰੂਰ, ਸਾਡਾ ਜ਼ਿਲ੍ਹਾ ਸੰਗਰੂਰ।’ ਸਵੇਰੇ ਕਰੀਬ ਸੱਤ ਵਜੇ ਸ਼ੁਰੂ ਹੋਈ ਰੈਲੀ ਸ਼ਹਿਰ ’ਚੋਂ ਹੁੰਦੀ ਹੋਈ ਮਸਤੂਆਣਾ ਸਾਹਿਬ ਪੁੱਜੀ, ਜਿਥੋਂ ਵਾਪਸੀ ’ਤੇ ਧੂਰੀ ਰੋਡ ਸਥਿਤ ਪੈਲੇਸ ਵਿਚ 19 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਸਮਾਪਤ ਹੋਈ। ਰੈਲੀ ਦੇ ਰੂਟ ’ਤੇ ਥਾਂ-ਥਾਂ ਪਾਣੀ, ਜੂਸ, ਲੱਸੀ ਦੀਆਂ ਸਟਾਲਾਂ ਲਗਾਈਆਂ ਗਈਆਂ ਸਨ। ਥਾਂ-ਥਾਂ ਲੋਕਾਂ ਨੇ ਫੁੱਲਾਂ ਦੀ ਵਰਖਾ ਕਰਕੇ ਰੈਲੀ ਦਾ ਭਰਵਾਂ ਸਵਾਗਤ ਕੀਤਾ ਗਿਆ।