ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 2 ਦਸੰਬਰ
ਕੌਂਸਲ ਆਫ਼ ਡਿਪਲੋਮਾ ਇੰਜਨੀਅਰ ਪੰਜਾਬ ਦੇ ਚੇਅਰਮੈਨ ਸੁਖਮਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੇ ਜੂਨੀਅਰ ਇੰਜਨੀਅਰ, ਸਹਾਇਕ ਇੰਜਨੀਅਰ ਅਤੇ ਪਦਉੱਨਤ ਉਪ ਮੰਡਲ ਇੰਜਨੀਅਰਾਂ ਨੇ ਅੱਜ ਇੱਥੋਂ ਫੇਜ਼-8 ਸਥਿਤ ਪੁੱਡਾ ਗਰਾਊਂਡ ਵਿੱਚ ਸੂਬਾ ਪੱਧਰੀ ਰੋਸ ਰੈਲੀ ਕੀਤੀ। ਠੰਢ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਪਹੁੰਚੇ ਡਿਪਲੋਮਾ ਇੰਜਨੀਅਰਾਂ ਨੇ ਪੰਜਾਬ ਸਰਕਾਰ ਨੂੰ ਰੱਜ ਕੇ ਭੰਡਿਆ ਅਤੇ ਹੁਕਮਰਾਨਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਬਾਅਦ ਦੁਪਹਿਰ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਦਾ ਘਿਰਾਓ ਕਰਨ ਲਈ ਚੰਡੀਗੜ੍ਹ ਵੱਲ ਕੂਚ ਕਰਨ ਦੀ ਕੋਸ਼ਿਸ਼ ਕੀਤੀ ਪਰ ਮੁਹਾਲੀ ਪੁਲੀਸ ਨੇ ਵਾਈਪੀਐੱਸ ਚੌਕ ਨੇੜੇ ਬੈਰੀਕੇਡ ਲਗਾ ਕੇ ਪੈਦਲ ਮਾਰਚ ਕਰ ਰਹੇ ਇੰਜਨੀਅਰਾਂ ਦਾ ਰਾਹ ਰੋਕ ਲਿਆ, ਜਿਸ ਕਾਰਨ ਪ੍ਰਦਰਸ਼ਨਕਾਰੀ ਇੰਜਨੀਅਰ 10 ਦਿਨਾਂ ਭੁੱਖ-ਹੜਤਾਲ ’ਤੇ ਬੈਠ ਗਏ।
ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੇ ਛੇਵੇਂ ਤਨਖ਼ਾਹ-ਕਮਿਸ਼ਨ ਨੇ ਇੰਜਨੀਅਰਾਂ ਦਾ ਵਜੂਦ ਖੋਹ ਲਿਆ ਹੈ ਅਤੇ ਏਸੀਪੀ ਸਕੀਮ ਤਹਿਤ ਮਿਲਦੇ ਨੋਟੀਫਿਕੇਸ਼ਨ ਪ੍ਰਤੀ ਸਰਕਾਰ ਨੇ ਚੁੱਪ ਧਾਰ ਲਈ ਹੈ। ਉਨ੍ਹਾਂ ਕਿਹਾ ਕਿ ਜੇਈ ਨੂੰ ਫੀਲਡ ਵਿੱਚ ਜਾਣ ਬਦਲੇ ਮਿਲਦਾ ਭੱਤਾ ਵੀ ਬੰਦ ਕਰ ਦਿੱਤਾ ਗਿਆ ਹੈ, ਜਿਸ ਕਾਰਨ ਇੰਜਨੀਅਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਉਪ ਮੰਡਲ ਇੰਜਨੀਅਰਾਂ ਨੂੰ ਫੀਲਡ ਵਿੱਚ ਜਾਣ ਬਦਲੇ ਭੱਤਾ ਦੇਣਾ ਮੁੜ ਸ਼ੁਰੂ ਕੀਤਾ ਜਾਵੇ, ਚੰਡੀਗੜ੍ਹ ਪੈਟਰਨ ’ਤੇ ਤਰੱਕੀਆਂ ਦਿੱਤੀਆਂ ਜਾਣ।
ਉਧਰ, ਇੰਜਨੀਅਰਾਂ ਦੀਆਂ ਮੰਗਾਂ ’ਤੇ ਵਿਚਾਰ ਕਰਨ ਲਈ ਪੰਜਾਬ ਦੇ ਪ੍ਰਮੁੱਖ ਸਕੱਤਰ ਵੱਲੋਂ ਯੂਨੀਅਨ ਦੇ ਮੋਹਰੀ ਆਗੂਆਂ ਨੂੰ 6 ਦਸੰਬਰ ਨੂੰ ਮੀਟਿੰਗ ਦਾ ਸਮਾਂ ਦਿੱਤਾ ਗਿਆ ਹੈ।