ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 12 ਫਰਵਰੀ
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਨਗਰ ਕੌਂਸਲ ਚੋਣਾਂ ’ਚ ਮੁਹਿੰਮ ਚਲਾਉਣ ਲਈ ਪੰਜਾਬ ਦਾ ਇੱਕ ਵੀ ਆਗੂ ਤਾਂ ਲੱਭ ਨਹੀਂ ਸਕੀ ਹੈ ਤੇ ‘ਆਪ’ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਮੁੱਖ ਮੰਤਰੀ ਦੇ ਅਹੁਦੇ ਲਈ ਨਾਮੀ ਚਿਹਰਾ ਹੋਣ ਦਾ ਹਾਸੋਹੀਣਾ ਦਾਅਦਾ ਕਰ ਰਹੀ ਹੈ। ‘ਆਪ’ ਨੂੰ ਕੌਂਸਲ ਚੋਣਾਂ ਦੇ ਪ੍ਰਚਾਰ ਲਈ ਦਿੱਲੀ ਤੋਂ ਆਗੂ ਬੁਲਾਉਣੇ ਪਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ‘ਆਪ’ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਭੋਰਾ ਵੀ ਸਮਝ ਜਾਂ ਚਿੰਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਾ ਤਾਂ ‘ਆਪ’ ਅਤੇ ਨਾ ਹੀ ਦਿੱਲੀ ਵਾਲੇ ਮਾਡਲ ਦੀ ਲੋੜ ਹੈ। ਪੰਜਾਬ ਦਾ ਮਾਡਲ ਵਿਕਾਸ ਦੇ ਹਰੇਕ ਮੁੱਖ ਪਹਿਲੂ ’ਤੇ ਕੌਮੀ ਰਾਜਧਾਨੀ ਨਾਲੋਂ ਕਿਤੇ ਵਧੀਆ ਹੈ। ਉਨ੍ਹਾਂ ਕੇਜਰੀਵਾਲ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਜਾਂ ਹੋਰ ਰਾਜਾਂ ਵਿੱਚ ਪੈਰ ਪਸਾਰਨ ਜਾਂ ਇੱਕ ਚਿਹਰਾ ਲੱਭਣ ਦੀ ਕੋਸ਼ਿਸ਼ ਵਿੱਚ ਕੀਮਤੀ ਸਮਾਂ ਅਤੇ ਸਰੋਤ ਬਰਬਾਦ ਕਰਨ ਦੀ ਬਜਾਏ ਦਿੱਲੀ ਦੇ ਪ੍ਰਬੰਧਨ ਤੇ ਧਿਆਨ ਦੇਣ।
ਸਿਸੋਦੀਆ ਦੇ ਬਿਆਨ ਬਚਗਾਨਾ : ਜਾਖੜ
ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਮਨੀਸ਼ ਸਿਸੋਦੀਆ ਦੇ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋਸਤ ਹਨ ਅਤੇ ਪੰਜਾਬ ਕਾਂਗਰਸ ਕਿਸਾਨਾਂ ਦੇ ਵਿਰੁੱਧ ਹੈ, ਵਾਲੇ ਬਿਆਨ ਨੂੰ ਬਚਗਾਨਾ ਕਰਾਰ ਦਿੱਤਾ ਹੈ। ਜਾਖੜ ਨੇ ਸਵਾਲ ਕੀਤਾ ਕਿ ‘ਆਪ’ ਵੱਲੋਂ ਪਹਿਲਾਂ ਅਮਰਿੰਦਰ ਸਰਕਾਰ ਵੱਲੋਂ ਕੇਂਦਰੀ ਕਾਨੂੰਨਾਂ ਵਿਰੁੱਧ ਲਿਆਂਦੇ ਬਿੱਲਾਂ ਦਾ ਸਮੱਰਥਨ, ਫਿਰ ਉਸ ਦਾ ਵਿਰੋਧ, ਪਹਿਲਾਂ ਇਨ੍ਹਾਂ ਕਾਲੇ ਬਿੱਲਾਂ ਨੂੰ ਲਾਗੂ ਕਰਨ ਲਈ ਦਿੱਲੀ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਨਾ ਅਤੇ ਫਿਰ ਦਿੱਲੀ ਵਿਧਾਨ ਸਭਾ ਵਿੱਚ ਜਾ ਕੇ ਕਾਨੂੰਨਾਂ ਦੀਆਂ ਕਾਪੀਆਂ ਪਾੜਨ ਦਾ ਡਰਾਮਾ ਕਰਨ ਤੋਂ ਪੰਜਾਬ ਦੇ ਲੋਕ ਕੀ ਸਮਝਣ?