ਚਰਨਜੀਤ ਭੁੱਲਰ
ਚੰਡੀਗੜ੍ਹ, 28 ਫਰਵਰੀ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਮੌਜੂਦਾ ਕਾਰਜਕਾਲ ਦਾ ਆਖ਼ਰੀ ਬਜਟ ਇਜਲਾਸ ਭਲਕੇ ਸੋਮਵਾਰ ਨੂੰ ਸ਼ੁਰੂ ਹੋਵੇਗਾ। ਐਤਕੀਂ ਇਜਲਾਸ ਦੇ ਹੰਗਾਮਾ ਭਰਪੂਰ ਰਹਿਣ ਦੀ ਸੰਭਾਵਨਾ ਹੈ। 15ਵੀਂ ਵਿਧਾਨ ਸਭਾ ਦੇ 14ਵੇਂ ਇਜਲਾਸ ’ਚ ਵਿਰੋਧੀ ਧਿਰਾਂ ਵੱਲੋਂ ਲੋਕ ਮੁੱਦਿਆਂ ’ਤੇ ਸਰਕਾਰ ਦੀ ਘੇਰਾਬੰਦੀ ਕੀਤੀ ਜਾਵੇਗੀ। ਸਿਆਸੀ ਧਿਰਾਂ ਵੱਲੋਂ ਬਜਟ ਇਜਲਾਸ ਦੀ ਤਿਆਰੀ ਸਬੰਧੀ ਮੀਟਿੰਗਾਂ ਦਾ ਸਿਲਸਿਲਾ ਦੋ ਦਿਨ ਚੱਲਿਆ। ਹਰ ਸਿਆਸੀ ਧਿਰ ਦੇ ਵਿਧਾਇਕਾਂ ਨੇ ਇਜਲਾਸ ’ਚ ਆਪੋ-ਆਪਣੀ ਭੂਮਿਕਾ ਸਬੰਧੀ ਰਣਨੀਤੀ ਘੜੀ ਹੈ।
14ਵੇਂ ਇਜਲਾਸ ਦੀ ਸ਼ੁਰੂਆਤ ਭਲਕੇ 11 ਵਜੇ ਰਾਜਪਾਲ ਦੇ ਭਾਸ਼ਣ ਨਾਲ ਹੋਵੇਗੀ। ਬਾਅਦ ਦੁਪਹਿਰ ਸਦਨ ਵੱਲੋਂ ਸਿਆਸੀ ਤੇ ਹੋਰ ਉੱਘੀਆਂ ਹਸਤੀਆਂ, ਆਜ਼ਾਦੀ ਘੁਲਾਟੀਆਂ ਸਮੇਤ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। 2022 ਵਿੱਚ ਪੰਜਾਬ ’ਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਇਸ ਇਜਲਾਸ ’ਚ ਨਵੇਂ ਐਲਾਨ ਅਤੇ ਪਿਛਲੇ ਵਾਅਦਿਆਂ ਦੀ ਪੂਰਤੀ ਕਰਨ ਦੇ ਫ਼ੈਸਲੇ ਵੇਖਣ ਨੂੰ ਮਿਲ ਸਕਦੇ ਹਨ। ਇਜਲਾਸ ’ਚ ਮੁੱਖ ਧਿਆਨ ਖੇਤੀਬਾੜੀ ’ਤੇ ਰਹਿਣ ਦੀ ਸੰਭਾਵਨਾ ਹੈ।
ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਆਖਿਆ ਕਿ ਇਜਲਾਸ ਦੌਰਾਨ ਕਾਂਗਰਸ ਸਰਕਾਰ ਦੀਆਂ ਨਾਕਾਮੀਆਂ ’ਤੇ ਸੁਆਲ ਉਠਾਏ ਜਾਣਗੇ ਅਤੇ ਮਾਫ਼ੀਆ ਦੇ ਮੁੱਦੇ ’ਤੇ ਹਾਕਮ ਧਿਰ ਨੂੰ ਘੇਰਿਆ ਜਾਵੇਗਾ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਭਲਕੇ ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰੇਗਾ। ਪੰਜਾਬ ਭਰ ’ਚੋਂ ਅਕਾਲੀ ਵਰਕਰ ਪਹਿਲਾਂ ਚੰਡੀਗੜ੍ਹ ਇਕੱਠੇ ਹੋਣਗੇ ਅਤੇ ਮਗਰੋਂ ਵਿਧਾਨ ਸਭਾ ਵੱਲ ਕੂਚ ਕਰਨਗੇ। ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਸੁੱਤੀ ਸਰਕਾਰ ਨੂੰ ਜਗਾਉਣ ਲਈ ਘਿਰਾਓ ਕੀਤਾ ਜਾਵੇਗਾ। ਚੰਡੀਗੜ੍ਹ ਦੇ ਸੈਕਟਰ 25 ਦੇ ਮੈਦਾਨ ਵਿੱਚ ਪਹਿਲਾਂ ਰੈਲੀ ਹੋਵੇਗੀ ਤੇ ਮਗਰੋਂ ਵਿਧਾਨ ਸਭਾ ਵੱਲ ਰੋਸ ਮਾਰਚ ਕੀਤਾ ਜਾਵੇਗਾ। ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਲੋਕ ਮੁੱਦਿਆਂ ’ਤੇ ਵਿਧਾਨ ਸਭਾ ਦਾ ਘਿਰਾਓ ਕੀਤਾ ਜਾਵੇਗਾ। ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੈਟਿਕ) ਦੇ ਆਗੂ ਅਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਉਹ ਸਰਕਾਰ ’ਤੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦਾ ਦਬਾਅ ਬਣਾਉਣਗੇ। ਇਸੇ ਤਰ੍ਹਾਂ ਲੋਕ ਇਨਸਾਫ਼ ਪਾਰਟੀ ਦੇ ਬੈਂਸ ਭਰਾਵਾਂ ਅਤੇ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਵੱਲੋਂ ਵੀ ਲੋਕ ਮੁੱਦੇ ਉਠਾਏ ਜਾਣੇ ਹਨ।
ਵਿਧਾਨ ਸਭਾ ਦੇ ਮੌਜੂਦਾ ਇਜਲਾਸ ਤੋਂ ਪਹਿਲਾਂ ਸਾਰੇ ਵਿਧਾਇਕਾਂ ਲਈ ਕੋਵਿਡ-19 ਟੈਸਟ ਲਾਜ਼ਮੀ ਕੀਤਾ ਗਿਆ ਹੈ। ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਦਾ ਕੋਵਿਡ ਟੈਸਟ ਪਾਜ਼ੇਟਿਵ ਆਇਆ ਹੈ, ਜਿਸ ਕਾਰਨ ਉਹ ਸਦਨ ਵਿੱਚੋਂ ਗ਼ੈਰਹਾਜ਼ਰ ਰਹਿਣਗੇ। ਇਜਲਾਸ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸ਼ਮੂਲੀਅਤ ਦੀ ਵੀ ਚਰਚਾ ਹੈ।
ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਅੱਜ
ਚੰਡੀਗੜ੍ਹ: ਪੰਜਾਬ ਮੰਤਰੀ ਮੰਡਲ ਵੱਲੋਂ ਸ਼ਰਾਬ ਮਾਫ਼ੀਆ ਨੂੰ ਨਕੇਲ ਪਾਉਣ ਲਈ ਭਲਕੇ ‘ਦਿ ਪੰਜਾਬ ਐਕਸਾਈਜ਼ ਐਕਟ-2014’ ਵਿੱਚ ਸੋਧ ਨੂੰ ਹਰੀ ਝੰਡੀ ਦਿੱਤੇ ਜਾਣ ਦੀ ਸੰਭਾਵਨਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਭਲਕੇ 3 ਵਜੇ ਕੈਬਨਿਟ ਮੀਟਿੰਗ ਹੋਣੀ ਹੈ, ਜਿਸ ਵਿੱਚ ਐਕਸਾਈਜ਼ ਐਕਟ ਵਿੱਚ ਸੋਧ ਦਾ ਮੁੱਖ ਏਜੰਡਾ ਰੱਖਿਆ ਗਿਆ ਹੈ। ਸੂਤਰਾਂ ਅਨੁਸਾਰ ਕੈਬਨਿਟ ਮੀਟਿੰਗ ਵਿੱਚ ‘ਪੰਜਾਬ ਐਕਸਾਈਜ਼ ਐਕਟ-2014’ ਦੀ ਧਾਰਾ 63 ਅਤੇ ਧਾਰਾ 69 ਵਿੱਚ ਸੋਧ ਕੀਤੇ ਜਾਣ ਦਾ ਅਨੁਮਾਨ ਹੈ, ਜਿਸ ਤਹਿਤ ਸ਼ਰਾਬ ਮਾਫ਼ੀਏ ਲਈ ਸਖ਼ਤ ਸਜ਼ਾਵਾਂ ਅਤੇ ਜੁਰਮਾਨੇ ਦੀ ਵਿਵਸਥਾ ਕੀਤੀ ਜਾਣੀ ਹੈ। ਭਲਕੇ ਵਿਧਾਨ ਸਭਾ ਦਾ ਇਜਲਾਸ ਵੀ ਸ਼ੁਰੂ ਹੋ ਰਿਹਾ ਹੈ, ਜਿਸ ’ਚ ਇਨ੍ਹਾਂ ਸੋਧਾਂ ਨੂੰ ਪ੍ਰਵਾਨ ਕਰਾਇਆ ਜਾਵੇਗਾ। ਇਸੇ ਤਰ੍ਹਾਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ’ਚ ਕੰਮ ਕਰਦੇ ਡਾਕਟਰਾਂ ਦੀਆਂ ਅਸਾਮੀਆਂ ਮੁੜ ਸਿਹਤ ਵਿਭਾਗ ਨੂੰ ਸੌਂਪੇ ਜਾਣ ਦੀ ਵੀ ਸੰਭਾਵਨਾ ਹੈ। ਕੈਬਨਿਟ ਮੀਟਿੰਗ ਵਿੱਚ ਆਬਕਾਰੀ ਕਮਿਸ਼ਨਰੇਟ ਅਤੇ ਕਰ ਕਮਿਸ਼ਨਰੇਟ ਤੋਂ ਇਲਾਵਾ ਮੈਡੀਕਲ ਸਿੱਖਿਆ ਵਿਭਾਗ ਦੀਆਂ ਅਸਾਮੀਆਂ ਦੇ ਪੁਨਰਗਠਨ ਦਾ ਏਜੰਡਾ, ਅੰਮ੍ਰਿਤਸਰ ਵਿੱਚ ਦਸਹਿਰੇ ਮੌਕੇ ਰੇਲ ਹਾਦਸੇ ’ਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਦੇ ਇੱਕ-ਇੱਕ ਜੀਅ ਨੂੰ ਨੌਕਰੀ ਦੇਣ ਤੇ ਮੁਹਾਲੀ ਵਿੱਚ ਇੱਕ ਪ੍ਰਾਈਵੇਟ ਹਸਪਤਾਲ ਨੂੰ ਜਗ੍ਹਾ ਦਿੱਤੇ ਜਾਣ ਦਾ ਮਾਮਲਾ ਵੀ ਏਜੰਡੇ ’ਤੇ ਆਉਣ ਦੀ ਸੰਭਾਵਨਾ ਹੈ।
ਸੁੰਗੜਨ ਲੱਗੇ ਬਜਟ ਇਜਲਾਸ
ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸਾਂ ਦਾ ਲੰਘੇ ਦੋ ਦਹਾਕਿਆਂ ਦਾ ਇਤਿਹਾਸ ਗਵਾਹ ਹੈ ਕਿ ਸਿਰਫ਼ ਅੱਠ ਬਜਟ ਇਜਲਾਸਾਂ ’ਚ ਹੀ ਬੈਠਕਾਂ ਦਾ ਅੰਕੜਾ 10 ਨੂੰ ਛੂਹਿਆ ਹੈ। ਭਲਕੇ ਸ਼ੁਰੂ ਹੋ ਰਹੇ ਸੈਸ਼ਨ ਦੌਰਾਨ 9 ਬੈਠਕਾਂ ਹੋਣਗੀਆਂ। ਅਮਰਿੰਦਰ ਸਿੰਘ ਦੀ ਜਦੋਂ ਪਹਿਲੀ ਪਾਰੀ ਸੀ, ਉਦੋਂ ਸਾਲ 2005 ਅਤੇ 2006 ਦੇ ਬਜਟ ਇਜਲਾਸਾਂ ’ਚ ਬੈਠਕਾਂ ਦਾ ਅੰਕੜਾ 14-14 ਰਿਹਾ ਸੀ। ਅਕਾਲੀ ਦਲ ਦੇ 2012 ਵਾਲੇ ਕਾਰਜਕਾਲ ਦੌਰਾਨ ਸਾਲ 2013 ਅਤੇ ਸਾਲ 2016 ਦੇ ਬਜਟ ਇਜਲਾਸਾਂ ’ਚ ਬੈਠਕਾਂ ਦੀ ਗਿਣਤੀ 10-10 ਰਹੀ, ਜਦਕਿ 2007-2012 ਦੇ ਬਜਟ ਇਜਲਾਸਾਂ ਦੌਰਾਨ ਸਾਲ 2007 ’ਚ ਸੱਤ ਅਤੇ 2009 ਵਿੱਚ ਪੰਜ ਬੈਠਕਾਂ ਹੋਈਆਂ ਸਨ।