ਬਲਜੀਤ ਸਿੰਘ
ਸਰਦੂਲਗੜ੍ਹ, 16 ਮਈ
ਪੰਜਾਬ ਦੇ ਹਿੱਸੇ ਦਾ 400 ਕਿਊਸਿਕ ਪਾਣੀ ਸੂਬੇ ਨੂੰ ਮਹੱਈਆ ਕਰਵਾਉਣ ਲਈ ‘ਆਪ’ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਵੱਲੋਂ ਕੀਤੇ ਯਤਨਾਂ ਅਤੇ ਸਿੰਜਾਈ ਮੰਤਰੀ ਦੇ ਦਖ਼ਲ ਤੋਂ ਬਾਅਦ ਡਿਪਟੀ ਚੀਫ ਇੰਜਨੀਅਰ ਵਾਟਰ ਰੈਗੂਲੇਸ਼ਨ ਭਾਖੜਾ ਬੋਰਡ ਮੇਨ ਬਰਾਂਚ ਨੰਗਲ ਨੇ ਲਿਖਤੀ ਹੁਕਮ ਜਾਰੀ ਕਰ ਦਿੱਤਾ ਹੈ। ਪੱਤਰ ਵਿੱਚ ਲਿਖਿਆ ਗਿਆ ਹੈ ਕਿ ਅੱਜ ਤੋਂ ਬਾਅਦ ਪੰਜਾਬ ਦੇ ਹਿੱਸੇ ਦਾ 400 ਕਿਊਸਿਕ ਪਾਣੀ ਲਗਾਤਾਰ ਪੰਜਾਬ ਨੂੰ ਮੁਹੱਈਆ ਕਰਵਾਇਆ ਜਾਵੇਗਾ। ਇਨ੍ਹਾਂ ਹੁਕਮਾਂ ਨਾਲ ਸਰਦੂਲਗੜ੍ਹ ਹਲਕੇ ਦੇ ਨਾਲ-ਨਾਲ ਤਲਵੰਡੀ ਸਾਬੋ ਹਲਕੇ ਦੇ ਕਿਸਾਨਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਤੇ ਉਨ੍ਹਾਂ ਨੇ ਹਲਕਾ ਵਿਧਾਇਕ ਬਣਾਂਵਾਲੀ ਅਤੇ ਸਿੰਜਾਈ ਮੰਤਰੀ ਦਾ ਧੰਨਵਾਦ ਕੀਤਾ ਹੈ। ਭਾਖੜਾ ਨਹਿਰ ਵਿੱਚ ਚਾਰ ਸੌ ਕਿਊਸਿਕ ਪਾਣੀ ਲਗਾਤਾਰ ਆਉਣ ਨਾਲ ਭਾਖੜਾ ਉੱਤੇ ਨਿਰਭਰ ਪਿੰਡਾਂ ਵਿੱਚ ਪੀਣ ਵਾਲੇ ਅਤੇ ਸਿੰਜਾਈ ਦੇ ਪਾਣੀ ਦੀ ਸਮੱਸਿਆ ਹੱਲ ਹੋਣ ਦੇ ਆਸਾਰ ਹਨ।
ਜਾਣਕਾਰੀ ਮੁਤਾਬਕ ਭਾਖੜਾ ਨਹਿਰ ਦੀ ਬਾਰਬੰਦੀ ਹਰਿਆਣੇ ਕੋਲ ਹੋਣ ਕਾਰਨ ਭਾਖੜਾ ’ਤੇ ਨਿਰਭਰ ਸਰਦੂਲਗੜ੍ਹ ਅਤੇ ਤਲਵੰਡੀ ਸਾਬੋ ਹਲਕੇ ਦੇ ਬਹੁਤੇ ਪਿੰਡਾਂ ਵਿੱਚ ਪੀਣ ਵਾਲੇ ਅਤੇ ਨਹਿਰੀ ਪਾਣੀ ਦੀ ਵੱਡੀ ਘਾਟ ਸੀ ਕਿਉਂਕਿ ਭਾਖੜਾ ਮੇਨ ਬਰਾਂਚ 16 ਦਿਨ ਚੱਲਣ ਮਗਰੋਂ ਸੋਲਾਂ ਦਿਨਾਂ ਲਈ ਬੰਦ ਹੋ ਜਾਂਦੀ ਸੀ। ਜ਼ਿਕਰਯੋਗ ਹੈ ਭਾਖੜਾ ਨਹਿਰ ਵਿੱਚ 2700 ਕਿਊਸਿਕ ਪਾਣੀ ਛੱਡਿਆ ਜਾਂਦਾ ਹੈ, ਜਿਸ ਵਿੱਚੋਂ 400 ਕਿਊਸਿਕ ਪਾਣੀ ’ਤੇ ਪੰਜਾਬ ਦਾ ਹੱਕ ਹੈ ਪਰ ਜਦੋਂ ਸੋਲਾਂ ਦਿਨ ਭਾਖੜਾ ਬੰਦ ਰਹਿੰਦੀ ਸੀ ਤਾਂ ਪੰਜਾਬ ਦੇ ਹਿੱਸੇ ਦਾ ਚਾਰ ਸੌ ਕਿਊਸਿਕ ਪਾਣੀ ਵੀ ਬੰਦ ਕਰ ਦਿੱਤਾ ਜਾਂਦਾ ਸੀ ਤੇ ਇਹ ਪਾਣੀ ਹਰਿਆਣਾ ਨੂੰ ਚਲਾ ਜਾਂਦਾ ਸੀ।