ਮੰਡੀ (ਟਨਸ): ਇਥੇ ਮਨਾਲੀ ਨੇੜੇ ਵਾਹਨ ਅੱਗੇ ਕੱਢਣ ਤੋਂ ਹੋਏ ਝਗੜੇ ਦੌਰਾਨ ਕੁਝ ਲੋਕਾਂ ’ਤੇ ਹਮਲਾ ਕਰਨ ਤੇ ਤਲਵਾਰਾਂ ਲਹਿਰਾਉਣ ਦੇ ਦੋਸ਼ ਵਿੱਚ ਪੰਜਾਬ ਨਾਲ ਸਬੰਧਤ ਚਾਰ ਸੈਲਾਨੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕਾਬੂ ਕੀਤੇ ਸੈਲਾਨੀ ਸੰਗਰੂਰ ਦੇ ਵਸਨੀਕ ਦੱਸੇ ਜਾਂਦੇ ਹਨ ਤੇ ਪੁਲੀਸ ਨੇ ਇਨ੍ਹਾਂ ਖਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਜਾਂਚ ਵਿੱਢ ਦਿੱਤੀ ਹੈ। ਪੁਲੀਸ ਮੁਤਾਬਕ ਮੁਲਜ਼ਮ ਪੀਬੀ-11ਸੀਐੱਫ 0123 ਨੰਬਰ ਦੀ ਕਾਰ ਵਿੱਚ ਸਵਾਰ ਸਨ ਤੇ ਉਹ ਮਨਾਲੀ ਬੱਸ ਸਟੈਂਡ ਤੋਂ ਰਾਂਗੜੀ ਖੇਤਰ ਨੂੰ ਜਾ ਰਹੇ ਸਨ। ਪੁਲੀਸ ਨੇ ਕਿਹਾ ਕਿ ਇਨ੍ਹਾਂ ਸੈਲਾਨੀਆਂ ਨੇ ਬੀਬੀਐੱਮਬੀ ਰੈਸਟ ਹਾਊਸ ਨੇੜੇ ਇਕ ਹੋਰ ਵਾਹਨ ਨੂੰ ਓਵਰਟੇਕ ਕਰਨ ਮਗਰੋਂ ਆਪਣੀ ਕਾਰ ਸੜਕ ਦੇ ਐਨ ਵਿਚਾਲੇ ਖੜ੍ਹੀ ਕਰ ਦਿੱਤੀ। ਇਸ ਦੌਰਾਨ ਸੜਕ ’ਤੇ ਵਾਹਨਾਂ ਦਾ ਲੰਮਾ ਜਾਮ ਲੱਗ ਗਿਆ। ਜਦੋਂ ਕਾਰ ਚਾਲਕ ਨੂੰ ਵਾਹਨ ਹਟਾਉਣ ਲਈ ਕਿਹਾ ਤਾਂ ਕਾਰ ਸਵਾਰ ਚਾਰੇ ਮੁਲਜ਼ਮ ਬਾਹਰ ਨਿਕਲੇ ਤੇ ਉਨ੍ਹਾਂ ਮੌਕੇ ’ਤੇ ਮੌਜੂਦ ਲੋਕਾਂ ’ਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਇਕ ਵਿਅਕਤੀ ਵੀ ਜ਼ਖ਼ਮੀ ਹੋ ਗਿਆ। ਕੁੱਲੂ ਦੇ ਐੱਸਪੀ ਗੁਰਦੇਵ ਚੰਦ ਸ਼ਰਮਾ ਨੇ ਕਿਹਾ ਕਿ ਮੁਲਜ਼ਮਾਂ ਦੀ ਪਛਾਣ ਰਵਿੰਦਰ, ਦਲਬੀਰ ਸਿੰਘ, ਅਮਨਦੀਪ ਸਿੰਘ ਤੇ ਜਸਰਾਜ ਵਜੋਂ ਹੋਈ ਹੈ ਤੇ ਇਹ ਸਾਰੇ ਸੰਗਰੂਰ ਦੇ ਵਸਨੀਕ ਹਨ। ਸਥਾਨਕ ਪੁਲੀਸ ਨੇ ਮੁਲਜ਼ਮਾਂ ਖਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।