ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 13 ਅਗਸਤ
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਜਾਰੀ ਸੂਬਿਆਂ ਦੀ ਤਾਜ਼ਾ ਦਰਜਾਬੰਦੀ ਅਨੁਸਾਰ ਪੰਜਾਬ ਨੇ ਸਿਹਤ ਤੇ ਤੰਦਰੁਸਤੀ ਕੇਂਦਰਾਂ ਦੇ ਸੰਚਾਲਨ ’ਚ ਪਹਿਲਾ ਦਰਜਾ ਹਾਸਲ ਕੀਤਾ ਹੈ। ਇਹ ਯੋਜਨਾ ਸੂਬੇ ਵਿੱਚ ਸਾਲ 2019 ਵਿੱਚ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਲੋਕਾਂ ਦੀਆਂ ਗਤੀਵਿਧੀਆਂ ’ਤੇ ਪਾਬੰਦੀਆਂ ਦੇ ਬਾਵਜੂਦ, ਪਿਛਲੇ ਪੰਜ ਮਹੀਨਿਆਂ ਵਿੱਚ ਸੂਬੇ ਭਰ ਦੇ ਸਿਹਤ ਕੇਂਦਰਾਂ ਵਿੱਚ 28.1 ਲੱਖ ਮਰੀਜ਼ ਪਹੁੰਚੇ। ਇਨ੍ਹਾਂ ਕੇਂਦਰਾਂ ਵਿਚ ਓਪੀਡੀ ਸੇਵਾਵਾਂ, ਆਰਸੀਐੱਚ ਸੇਵਾਵਾਂ, ਸੰਕਰਮਿਤ ਤੇ ਗ਼ੈਰ-ਸੰਕਰਮਿਤ ਰੋਗਾਂ ਦੀ ਰੋਕਥਾਮ ਤੇ ਇਲਾਜ ਸਬੰਧੀ ਕਲੀਨੀਕਲ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਸ੍ਰੀ ਸਿੱਧੂ ਨੇ ਕਿਹਾ ਕਿ ਪੰਜਾਬ ਜਲਦ ਹੀ ਸਿਹਤ ਖੇਤਰ ਵਿੱਚ ਮੋਹਰੀ ਸੂਬਾ ਬਣ ਜਾਵੇਗਾ। ਇਸ ਸਮੇਂ ਸੂਬੇ ਵਿੱਚ 2042 ਸਿਹਤ ਕੇਂਦਰ ਕਾਰਜਸ਼ੀਲ ਹਨ।