ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 8 ਜੂਨ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੋਵਿਡ ਸਮੀਖਿਆ ਦੌਰਾਨ ਕਿਹਾ ਕਿ ਪੰਜਾਬ ਛੇਤੀ ਹੀ ਇਹ ਲੜਾਈ ਜਿੱਤ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬਾ ਸੰਭਾਵੀ ਤੀਜੀ ਲਹਿਰ ਦੀ ਤਿਆਰੀ ਕਰ ਰਿਹਾ ਹੈ ਅਤੇ ਮੌਜੂਦਾ ਲਹਿਰ ਵਿਚ ਕੇਸਾਂ ਵਿੱਚ ਕਮੀ ਆਉਣ ਦੇ ਬਾਵਜੂਦ ਤਿਆਰੀਆਂ ਤੋਂ ਹੱਥ ਪਿੱਛੇ ਨਹੀਂ ਖਿੱਚਿਆ। ਮੁੱਖ ਮੰਤਰੀ ਨੇ ਅੱਜ ਕਰੋਨਾ ਵਰਗੀਆਂ ਮਹਾਮਾਰੀਆਂ ਅਤੇ ਹੋਰ ਗੰਭੀਰ ਬਿਮਾਰੀਆਂ ਨਾਲ ਨਜਿੱਠਣ ਲਈ ਕੌਮੀ ਅਤੇ ਆਲਮੀ ਸਿਹਤ ਮਾਹਿਰਾਂ ਦੀ ਅਗਵਾਈ ਹੇਠ ਰਿਸਰਚ ਫੈਸਿਲਟੀ ਦੀ ਤਜਵੀਜ਼ ਰੱਖੀ।
ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ ਦੇ ਮੁਕੰਮਲ ਖ਼ਾਤਮੇ ਤੱਕ ਮੈਡੀਕਲ ਭਾਈਚਾਰੇ ਨੂੰ ਉਨ੍ਹਾਂ ਦੀ ਸਰਕਾਰ ਦਾ ਪੂਰਾ ਸਹਿਯੋਗ ਬਣਿਆ ਰਹੇਗਾ। ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਵੱਲੋਂ ਇਲਾਜ ਲਈ ਦਿਖਾਈ ਜਾ ਰਹੀ ਹਿਚਕਚਾਹਟ ਦੂਰ ਕਰਨ ਲਈ ਸੂਬਾ ਸਰਕਾਰ ਖਾਣੇ ਦੇ ਪੈਕਟ ਅਤੇ ‘ਫਤਹਿ’ ਕਿੱਟਾਂ ਵੰਡ ਰਹੀ ਹੈ। ਮੁੱਖ ਮੰਤਰੀ ਨੇ ਪਿਛਲੇ ਸਾਲ ਮਹਾਮਾਰੀ ਫੈਲਣ ਮੌਕੇ ਸੂਬਾ ਸਰਕਾਰ ਵੱਲੋਂ ਕੋਵਿਡ ਦੇ ਪ੍ਰਬੰਧਨ ਲਈ ਕਾਇਮ ਕੀਤੇ ਸੂਬੇ ਦੇ ਸਿਹਤ ਮਾਹਿਰਾਂ ਦੇ ਗਰੁੱਪ ਦੀ ਵਰਚੁਅਲ ਮੀਟਿੰਗ ਦੀ ਪ੍ਰਧਾਨਗੀ ਕੀਤੀ ਜਿਸ ਵਿਚ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ 250 ਸਿਹਤ ਮਾਹਿਰਾਂ ਤੋਂ ਇਲਾਵਾ ਚਾਰ ਵਿਦੇਸ਼ੀ ਡਾਕਟਰਾਂ ਨੇ ਹਿੱਸਾ ਲਿਆ। ਪੰਜਾਬ ਵਿਚ ਵੱਧ ਮੌਤ ਦਰ ਉਤੇ ਚਿੰਤਾ ਪ੍ਰਗਟਾਉਂਦਿਆਂ ਡਾ. ਤਲਵਾੜ ਨੇ ਕਿਹਾ ਕਿ ਮਾਹਿਰਾਂ ਦੇ ਗਰੁੱਪ ਵੱਲੋਂ ਸਾਰੀਆਂ ਮੌਤਾਂ ਦਾ ਅਧਿਐਨ ਕੀਤਾ ਜਾ ਰਿਹਾ ਹੈ ਤਾਂ ਕਿ ਭਵਿੱਖੀ ਸੰਕਟ ਨਾਲ ਨਜਿੱਠਣ ਦੀ ਤਿਆਰੀ ਕੀਤੀ ਜਾ ਸਕੇ।
28 ਦਿਨਾਂ ਬਾਅਦ ਲੱਗੇਗਾ ਦੂਜਾ ਟੀਕਾ: ਸਿੱਧੂ
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕੌਮਾਂਤਰੀ ਯਾਤਰਾ ਕਰਨ ਵਾਲੇ ਵਿਅਕਤੀਆਂ ਨੂੰ ਹੁਣ ਕੋਵੀਸ਼ੀਲਡ ਟੀਕੇ ਦੀ ਦੂਜੀ ਖੁਰਾਕ 28 ਦਿਨਾਂ ਬਾਅਦ ਦਿੱਤੀ ਜਾ ਸਕੇਗੀ। ਪੰਜਾਬ ਸਰਕਾਰ ਨੇ ਕੋਵੀਸ਼ੀਲਡ ਟੀਕੇ ਦੀ ਦੂਜੀ ਖੁਰਾਕ ਦੇ ਨਿਰਧਾਰਤ ਸਮੇਂ ਨੂੰ ਘਟਾਉਣ ਲਈ ਕਈ ਵਾਰ ਇਹ ਮੁੱਦਾ ਭਾਰਤ ਸਰਕਾਰ ਕੋਲ ਉਠਾਇਆ ਸੀ। ਟੋਕੀਓ ਵਿੱਚ ਹੋਣ ਵਾਲੀਆਂ ਕੌਮਾਂਤਰੀ ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਵਿਦੇਸ਼ੀ ਮੁਲਕਾਂ ਵਿੱਚ ਨੌਕਰੀ ਕਰਨ ਵਾਲੇ, ਅਥਲੀਟਾਂ, ਖਿਡਾਰੀਆਂ ਅਤੇ ਉਨ੍ਹਾਂ ਦੇ ਨਾਲ ਜਾਣ ਵਾਲੇ ਭਾਰਤ ਸਟਾਫ਼ ਦੇ ਕਰਮਚਾਰੀ ਇਸ ਟੀਕਾਕਰਨ ਲਈ ਯੋਗ ਹੋਣਗੇ।