ਸੰਜੀਵ ਬੱਬੀ
ਚਮਕੌਰ ਸਾਹਿਬ, 15 ਫਰਵਰੀ
ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਅੱਜ ਸਥਾਨਕ ਰਣਜੀਤਗੜ੍ਹ ਕਲੋਨੀ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਸਮਾਂ ਆ ਚੁੱਕਿਆ ਹੈ ਕਿ ਚੰਨੀ ਨੂੰ ਮੁੜ ਤੋਂ ਵੱਡੇ ਫਰਕ ਨਾਲ ਜਿਤਾ ਕੇ ਮੁੱਖ ਮੰਤਰੀ ਬਣਾਇਆ ਜਾਵੇ, ਕਿਉਂਕਿ ਪੰਜਾਬ ਅੰਦਰ ਮੁੜ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ। ਇਸ ਤੋਂ ਪਹਿਲਾਂ ਮਨੀਸ਼ ਤਿਵਾੜੀ ਟਕਸਾਲੀ ਕਾਂਗਰਸੀ ਲੀਡਰ ਮੁਨਿਤ ਕੁਮਾਰ ਮਾਂਟੂ ਦੇ ਘਰ ਵੀ ਗਏ ਤੇ ਉਥੇ ਸਥਾਨਕ ਆਗੂਆਂ ਨਾਲ ਗੱਲਬਾਤ ਕੀਤੀ। ਵਿਰੋਧੀ ਪਾਰਟੀਆਂ ਤੇ ਤਨਜ਼ ਕਸਦਿਆਂ ਉਨ੍ਹਾਂ ਕਿਹਾ ਕਿ ਸਾਰੀਆਂ ਹੀ ਵਿਰੋਧੀ ਪਾਰਟੀਆਂ ਝੂਠਾ ਪ੍ਰਚਾਰ ਕਰਕੇ ਵੋਟਾਂ ਹਾਸਲ ਕਰਨਾ ਚਾਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਸੂਝਵਾਨ ਲੋਕ ਇਸ ਵਾਰ ਵੀ ਕਾਂਗਰਸ ਦੀ ਸਰਕਾਰ ਵੇਖਣਾ ਚਾਹੁੰਦੇ ਹਨ ਕਿਉਂਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ 111 ਦਿਨਾਂ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਲੋਕਾਂ ਦੇ ਪੁਰਾਣੇ ਬਿਜਲੀ ਬਿੱਲ ਮੁਆਫ਼ ਕਰਕੇ ਬਿਜਲੀ ਸਸਤੀ ਕੀਤੀ, ਉੱਥੇ ਹੀ ਪੁਰਾਣੇ ਪਾਣੀ ਦੇ ਬਿੱਲ ਮੁਆਫ਼ ਕਰਕੇ 50 ਰੁਪਏ ਮਹੀਨਾ ਬਿੱਲ ਲਾਗੂ ਕੀਤਾ। ਇਸ ਮੌਕੇ ਨਗਰ ਪੰਚਾਇਤ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਸ਼ੇਰਾ, ਡਾਇਰੈਕਟਰ ਗਿਆਨ ਸਿੰਘ, ਸਾਬਕਾ ਡਾਇਰੈਕਟਰ ਦਵਿੰਦਰ ਸਿੰਘ ਜਟਾਣਾ, ਸੇਠ ਅਨਿਲ ਗਰਗ, ਕੌਂਸਲਰ ਕਮਲੇਸ਼ ਵਰਮਾ, ਸ਼ਮਸ਼ੇਰ ਸਿੰਘ ਮੰਗੀ, ਦਰਸ਼ਨ ਵਰਮਾ ਤੇ ਹੋਰ ਹਾਜ਼ਰ ਸਨ।