ਪੱਤਰ ਪ੍ਰੇਰਕ
ਚੰਡੀਗੜ੍ਹ, 13 ਜਨਵਰੀ
ਪੰਜਾਬ-ਯੂਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਵੱਲੋਂ ਦਿੱਤੇ ਸੱਦੇ ’ਤੇ ਡੈਮੋਕਰੈਟਿਕ ਟੀਚਰਜ਼ ਫਰੰਟ (ਡੀਟੀਐੱਫ) ਦੇ ਬੈਨਰ ਹੇਠ ਪੰਜਾਬ ਭਰ ਵਿੱਚ ਅਧਿਆਪਕਾਂ ਨੇ ਆਪੋ-ਆਪਣੇ ਸਕੂਲਾਂ ਵਿੱਚ ਸੰਘਰਸ਼ੀ ਲੋਹੜੀ ਮਨਾਈ ਤੇ ਸੂਬਾ ਸਰਕਾਰ ਦੇ ਝੂਠੇ ਵਾਅਦਿਆਂ ਦੀ ਲੋਹੜੀ ਬਾਲ ਕੇ ਰੋਸ ਪ੍ਰਗਟਾਇਆ। ਡੀਟੀਐੱਫ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਤੇ ਜਨਰਲ ਸਕੱਤਰ ਮੁਕੇਸ਼ ਕੁਮਾਰ ਦੀ ਅਗਵਾਈ ਹੇਠ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਸਿੱਖਿਆ ਮੰਤਰੀ ਪਰਗਟ ਸਿੰਘ ਦੀਆਂ ਤਸਵੀਰਾਂ ਤੇ ਪੰਜਾਬ ਕਾਂਗਰਸ ਦੇ ਮੈਨੀਫੈਸਟੋ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ।
ਫਰੰਟ ਦੇ ਆਗੂਆਂ ਅਸ਼ਵਨੀ ਅਵਸਥੀ, ਜਗਪਾਲ ਬੰਗੀ, ਗੁਰਪਿਆਰ ਕੋਟਲੀ, ਗੁਰਮੀਤ ਸੁਖਪੁਰ, ਰਾਜੀਵ ਬਰਨਾਲਾ, ਰਘੁਬੀਰ ਭਵਾਨੀਗੜ੍ਹ ਤੇ ਜਸਵਿੰਦਰ ਔਜਲਾ ਨੇ ਦੱਸਿਆ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਕੱਚੇ ਮੁਲਾਜ਼ਮ ਬਿਨਾਂ ਸ਼ਰਤ ਵਿਭਾਗਾਂ ਵਿੱਚ ਪੱਕੇ ਕਰਨ ਦੀ ਥਾਂ 36 ਹਜ਼ਾਰ ਮੁਲਾਜ਼ਮ ਪੱਕੇ ਕਰਨ ਦੇ ਝੂਠੇ ਇਸ਼ਤਿਹਾਰ ਲਗਾ ਕੇ ਅਤੇ ਖਾਲੀ ਅਸਾਮੀਆਂ ਲਈ ਭਰਤੀ ਪ੍ਰਕਿਰਿਆ ਪੂਰੀ ਨਾ ਕਰਕੇ ਲੋਕਾਂ ਨਾਲ ਧੋਖਾ ਕੀਤਾ ਹੈ। ਪਿਛਲੇ ਤਨਖਾਹ ਕਮਿਸ਼ਨ ਦੌਰਾਨ ਮਿਲੇ ਸਾਰੇ ਵਾਧੇ ਬਰਕਰਾਰ ਰੱਖਦਿਆਂ ਛੇਵੇਂ ਪੰਜਾਬ ਤਨਖਾਹ ਕਮਿਸ਼ਨ ਤਹਿਤ ਹਰੇਕ ਮੁਲਾਜ਼ਮ ਦੀ ਪੇਅ-ਫਿਕਸੇਸ਼ਨ 2.72 ਗੁਣਾਂਕ ਅਨੁਸਾਰ ਲਾਗੂ ਨਹੀਂ ਕੀਤਾ, ਸਗੋਂ ਪੇਂਡੂ ਇਲਾਕਾ ਭੱਤਾ, ਬਾਰਡਰ ਇਲਾਕਾ ਭੱਤਾ, ਹੈਂਡੀਕੈਪ ਸਫ਼ਰੀ ਭੱਤੇ ਸਮੇਤ 37 ਕਿਸਮ ਦੇ ਸਾਰੇ ਭੱਤੇ ਅਤੇ ਏ.ਸੀ.ਪੀ. ਦੇ ਲਾਭ ਰੋਕ ਲਏ ਗਏ ਹਨ। ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਨਹੀਂ ਕੀਤਾ ਗਿਆ ਅਤੇ ਨਾ ਹੀ ਛੇਵਾਂ ਪੰਜਾਬ ਤਨਖਾਹ ਕਮਿਸ਼ਨ ਲਾਗੂ ਕਰਨ ਸਬੰਧੀ ਕੋਈ ਉਪਰਾਲਾ ਕੀਤਾ ਗਿਆ ਹੈ।
ਸਿੱਖਿਆ ਵਿਭਾਗ ਵਿੱਚ ਅਧਿਆਪਕਾਂ ਦੀਆਂ ਪੈਂਡਿੰਗ ਵਿਕਟੇਮਾਈਜੇਸ਼ਨਾਂ ਰੱਦ ਨਹੀਂ ਕੀਤੀਆਂ, ਬਦਲੀ ਨੀਤੀ ਤਹਿਤ ਪਹਿਲਾਂ ਹੋਈਆਂ ਬਦਲੀਆਂ ਨੂੰ ਬਿਨਾਂ ਸ਼ਰਤ ਲਾਗੂ ਕਰਨ ਦੀ ਥਾਂ ਕਾਂਗਰਸੀ ਲੀਡਰਾਂ ਦੀਆਂ ਸਿਫ਼ਾਰਸ਼ਾਂ ਤਹਿਤ ਸਿਆਸੀ ਭ੍ਰਿਸ਼ਟਾਚਾਰ ਕਰਦਿਆਂ ਸੈਂਕੜੇ ਬਦਲੀਆਂ ਕਰ ਦਿੱਤੀਆਂ ਹਨ, ਅਧਿਆਪਕਾਂ ਅਤੇ ਨਾਨ ਟੀਚਿੰਗ ਦੀਆਂ ਸਾਰੀਆਂ ਪੈਡਿੰਗ ਪ੍ਰਮੋਸ਼ਨਾਂ ਮੁਕੰਮਲ ਨਹੀਂ ਕੀਤੀਆਂ ਗਈਆਂ, ਓਪਨ ਡਿਸਟੈਂਸ ਲਰਨਿੰਗ ਵਾਲੇ 3442, 7654, 5178 ਅਧਿਆਪਕਾਂ ਦੇ ਪੈਡਿੰਗ ਰੈਗੂਲਰ ਆਰਡਰ ਜਾਰੀ ਨਹੀਂ ਕੀਤੇ ਗਏ ਹਨ।
ਪੰਜਾਬ ਸਰਕਾਰ ਦੇ ਇਸ ਮੁਲਾਜ਼ਮ ਵਿਰੋਧੀ ਵਤੀਰੇ ਖ਼ਿਲਾਫ਼ ਚੋਣ ਜ਼ਾਬਤੇ ਦੌਰਾਨ ਵੀ ਸੰਘਰਸ਼ ਜਾਰੀ ਰੱਖਦੇ ਹੋਏ ਜਿੱਥੇ ਅੱਜ ਲੋਹੜੀ ਦੇ ਦਿਨ ਲਾਰਿਆਂ ਦੀਆਂ ਪੰਡਾਂ ਦੀ ਲੋਹੜੀ ਬਾਲੀ ਗਈ।