ਹਰਜੀਤ ਸਿੰਘ
ਡੇਰਾਬੱਸੀ, 28 ਦਸੰਬਰ
ਇੱਥੇ ਬਸਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਰਾਮਲੀਲਾ ਮੈਦਾਨ ਵਿਚ ‘ਸਰਕਾਰ ਦਾ ਹਿੱਸਾ ਬਣੋ’ ਰੈਲੀ ਕੀਤੀ ਗਈ। ਬਸਪਾ ਦੇ ਸੁੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਕਾਂਗਰਸ ਨੇ ਪੰਜਾਬ ’ਤੇ ਰਾਜ ਕਰਨ ਲਈ ਹਮੇਸ਼ਾ ਪਾੜੋ ਤੇ ਰਾਜ ਕਰੋ ਦੀ ਨੀਤੀ ਅਪਣਾਈ ਹੈ। ਗ਼ਰੀਬਾਂ ਦੇ ਖ਼ੂਨ-ਪਸੀਨੇ ਦੀ ਕਮਾਈ ’ਤੇ ਮੌਜਾਂ ਲੁੱਟੀਆਂ ਹਨ। ਪੰਜਾਬ ਨੂੰ ਸਭ ਤੋਂ ਵੱਧ ਸੰਤਾਪ ਕਾਂਗਰਸ ਦੇ ਰਾਜ ਵਿਚ ਭੋਗਣਾ ਪਿਆ ਹੈ। ਉਨ੍ਹਾਂ ਕਿਹਾ ਕਿ 1947 ਦੀ ਵੰਡ ਸਮੇਂ 20 ਲੱਖ ਪੰਜਾਬੀਆਂ ਦਾ ਕਤਲ ਕੀਤਾ ਗਿਆ। ਕਾਂਗਰਸ ਨੇ ਦਰਬਾਰ ਸਾਹਿਬ ’ਤੇ ਹਮਲਾ ਕਰਵਾਇਆ। ਪੰਜਾਬ ਨੇ 1984 ਤੋਂ 1994 ਤੱਕ ਕਾਲਾ ਦੌਰ ਹੰਢਾਇਆ। ਕਾਂਗਰਸ ਦੇ ਇਨ੍ਹਾਂ ਜ਼ੁਲਮਾਂ ਨੂੰ ਰੋਕਣ ਲਈ ਕਾਸ਼ੀ ਰਾਮ ਨੇ ਬਹੁਜਨ ਪਾਰਟੀ ਬਣਾਈ ਸੀ। ਉਨ੍ਹਾਂ ਕਿਹਾ ਅੱਜ ਫਿਰ ਕਾਂਗਰਸ ਤੇ ਬਾਹਰਲੀਆਂ ਤਾਕਤਾਂ ਸੂਬੇ ਵਿਚ ਮਾੜੇ ਹਾਲਾਤ ਪੈਦਾ ਕਰਨ ਦੀ ਫ਼ਿਰਾਕ ਵਿਚ ਹਨ। ਉਨ੍ਹਾਂ ਲੋਕਾਂ ਨੂੰ ਐੱਨਕੇ ਸ਼ਰਮਾ ਦੇ ਹੱਕ ’ਚ ਖੜ੍ਹਨ ਦੀ ਅਪੀਲ ਕੀਤੀ।
ਵਿਧਾਇਕ ਐੱਨਕੇ ਸ਼ਰਮਾ ਨੇ ਕਾਂਗਰਸ ਦੀ ਆਲੋਚਨਾ ਕਰਦਿਆਂ ਕਿਹਾ ਡੇਰਾਬੱਸੀ ਤਹਿਸੀਲ ਅਤੇ ਜ਼ੀਰਕਪੁਰ ਸਬ-ਤਹਿਸੀਲ ਅਕਾਲੀ ਸਰਕਾਰ ਸਮੇਂ ਹੀ ਬਣੀ ਸੀ। ਲੋੜ ਅਨੁਸਾਰ ਓਵਰ ਬਰਿੱਜ ਬਣਾਏ, 55 ਸੁਵਿਧਾ ਕੇਂਦਰ, 10 ਹਜ਼ਾਰ ਪਖਾਨੇ ਬਣਾਉਣ ਤੋਂ ਇਲਾਵਾ 22 ਸਕੂਲਾਂ ਨੂੰ ਅਪਗ੍ਰੇਡ ਕੀਤਾ ਗਿਆ ਆਦਿ। ਉਨ੍ਹਾਂ ਕਿਹਾ ਇਸ ਹਲਕੇ ਕੇ ਕਾਂਗਰਸੀ ਹਲਕਾ ਇੰਚਾਰਜ ਇਸ ਹਲਕੇ ਨੂੰ ਬੁਰੀ ਤਰ੍ਹਾਂ ਲੁੱਟਣ ’ਤੇ ਲੱਗੇ ਹੋਏ ਹਨ।
ਇਸ ਮੌਕੇ ਸੀਲਮ ਸੋਹੀ, ਮਨਪ੍ਰੀਤ ਕੌਰ ਡੌਲੀ, ਗੁਨਿੰਦਰ ਕੌਰ ਢਿੱਲੋਂ, ਕਰਮਜੀਤ ਕੌਰ ਬੜਾਣਾ, ਮਨਜੀਤ ਸਿੰਘ ਮਲਕਪੁਰ ਆਦਿ ਹਾਜ਼ਰ ਸਨ।