ਨਿੱਜੀ ਪੱਤਰ ਪ੍ਰੇਰਕ
ਖੰਨਾ, 30 ਨਵੰਬਰ
ਇਥੇ ਮੁੱਖ ਰੋਡ ’ਤੇ ਗੁਰਦੁਆਰਾ ਕਲਗੀਧਰ ਸਾਹਿਬ ਨੇੜੇ ਸਥਿਤ ਪੰਜਾਬ ਐਂਡ ਸਿੰਧ ਬੈਂਕ ਵਿੱਚ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ ਹੋ ਗਿਆ। ਜਾਣਕਾਰੀ ਅਨੁਸਾਰ ਇਹ ਅੱਗ ਅੱਜ ਸਵੇਰੇ ਕਰੀਬ ਛੇ-ਸੱਤ ਵਜੇ ਦੇ ਦਰਮਿਆਨ ਲੱਗੀ। ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਹੋਣ ਕਾਰਨ ਬੈਂਕ ਵਿਚ ਛੁੱਟੀ ਸੀ। ਕਰੀਬ ਸੱਤ ਵਜੇ ਕਿਸੇ ਰਾਹਗੀਰ ਨੇ ਬੈਂਕ ਵਿੱਚੋਂ ਅੱਗ ਕਾਰਨ ਧੂੰਆ ਨਿਕਲਦਾ ਦੇਖਿਆ ਤੇ ਫ਼ਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਫਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ ਅਤੇ ਬੈਂਕ ਅਧਿਕਾਰੀਆਂ ਨਾਲ ਸੰਪਰਕ ਕਰਕੇ ਬੈਂਕ ਖੁੱਲ੍ਹਵਾਇਆ। ਅੱਗ ਕਾਰਨ ਬੈਂਕ ਦੇ ਚੀਫ਼ ਮੈਨੇਜਰ ਦਾ ਦਫ਼ਤਰ, ਕੁਝ ਰਿਕਾਰਡ ਤੋਂ ਇਲਾਵਾ ਫਰਨੀਚਰ, ਕੰਪਿਊਟਰ, ਲੈਪਟਾਪ ਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ। ਘਟਨਾ ਦਾ ਪਤਾ ਲੱਗਦਿਆਂ ਪੁਲੀਸ ਵੀ ਘਟਨਾ ਸਥਾਨ ’ਤੇ ਪੁੱਜੀ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਚੀਫ਼ ਮੈਨੇਜਰ ਸੁਆਮੀ ਅਨੁਸਾਰ ਇਸ ਘਟਨਾ ਸਬੰਧੀ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਹੈ। ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ।