ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 13 ਮਈ
ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਆਖਿਆ ਕਿ ਪੰਜਾਬ ਦੇ ਲੋਕਾਂ ਵੱਲੋਂ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਪਿਛਲੇ ਸਾਲਾਂ ਵਾਂਗ ਹੀ ਕਰਨ ਦੀ ਕੀਤੀ ਗਈ ਮੰਗ ’ਤੇ ਸਿੱਖਿਆ ਵਿਭਾਗ ਨੇ ਗਰਮੀ ਦੀਆਂ ਛੁੱਟੀਆਂ ਪਹਿਲੀ ਤੋਂ 30 ਜੂਨ ਤੱਕ ਕਰਨ ਦਾ ਫ਼ੈਸਲਾ ਕੀਤਾ ਹੈ। ਹੁਣ 15 ਤੋਂ 31 ਮਈ ਤੱਕ ਸੂਬੇ ਦੇ ਸਾਰੇ ਸਕੂਲਾਂ ਵਿੱਚ ਆਫਲਾਈਨ ਕਲਾਸਾਂ ਲੱਗਣਗੀਆਂ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਪਾਰਾ ਚੜ੍ਹਨ ਕਾਰਨ ਪੰਜਾਬ ਦੇ ਸਕੂਲਾਂ ਵਿੱਚ 15 ਮਈ ਤੋਂ 30 ਜੂਨ ਤੱਕ ਛੁੱਟੀਆਂ ਕਰਨ ਦਾ ਐਲਾਨ ਕੀਤਾ ਸੀ। ਮੀਤ ਹੇਅਰ ਨੇ ਆਖਿਆ ਕਿ 15 ਤੋਂ 31 ਮਈ ਤੱਕ ਪ੍ਰਾਇਮਰੀ ਸਕੂਲਾਂ ਦਾ ਸਮਾਂ 7 ਤੋਂ 11 ਅਤੇ ਮਿਡਲ/ਹਾਈ/ਸੀਨੀਅਰ ਸੈਕੰਡਰੀ ਸਕੂਲਾਂ ਵਿੱਚ 7 ਤੋਂ 12.30 ਵਜੇ ਤੱਕ ਰਹੇਗਾ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਮੰਗ ’ਤੇ ਸਿੱਖਿਆ ਵਿਭਾਗ ਨੇ ਗਰਮੀ ਦੀਆਂ ਛੁੱਟੀਆਂ ਪਹਿਲੀ ਤੋਂ 30 ਜੂਨ ਤੱਕ ਕਰਨ ਦਾ ਫ਼ੈਸਲਾ ਕੀਤਾ ਹੈ।