ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 6 ਮਈ
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋ. ਯੋਗਰਾਜ ਨੇ ਅੱਜ ਸ਼ਾਮ ਵੇਲੇ ਇੱਥੇ ਆਨਲਾਈਨ ਵਿਧੀ ਰਾਹੀਂ ਪੰਜਵੀਂ ਜਮਾਤ (ਅਕਾਦਮਿਕ ਸੈਸ਼ਨ 2021-22) ਦਾ ਨਤੀਜਾ ਐਲਾਨਿਆ। ਤਿੰਨ ਵਿਦਿਆਰਥੀਆਂ ਨੇ 100 ਫੀਸਦੀ ਦੇ ਬਰਾਬਰ ਅੰਕ ਪ੍ਰਾਪਤ ਕੀਤੇ ਹਨ ਪਰ ਉਨ੍ਹਾਂ ਨੂੰ ਉਮਰ ਦੇ ਆਧਾਰ ’ਤੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਦਿੱਤਾ ਗਿਆ। ਸਿੱਖਿਆ ਬੋਰਡ ਵੱਲੋਂ ਜਾਰੀ ਸੂਚੀ ਮੁਤਾਬਕ ਸਿਲਵਰ ਵਾਟਿਕਾ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ, ਧਰਮਪੁਰਾ ਮਾਨਸਾ ਦੀ ਵਿਦਿਆਰਥਣ ਸੁਖਮਨ ਕੌਰ ਨੂੰ ਜਨਮ ਮਿਤੀ 2 ਸਤੰਬਰ, 2012 ਅਨੁਸਾਰ ਸੂਬੇ ਭਰ ਵਿੱਚੋਂ ਅੱਵਲ ਐਲਾਨਿਆ ਗਿਆ, ਜਦੋਂਕਿ ਸਰਕਾਰੀ ਪ੍ਰਾਇਮਰੀ ਸਕੂਲ ਡੱਲਾ, ਕਪੂਰਥਲਾ ਦੇ ਵਿਦਿਆਰਥੀ ਰਾਜਵੀਰ ਮੋਮੀ ਜਨਮ ਮਿਤੀ 21 ਜੂਨ, 2012 ਨੇ ਦੂਜਾ, ਇਸੇ ਸਕੂਲ ਦੀ ਵਿਦਿਆਰਥਣ ਸਹਿਜਪ੍ਰੀਤ ਕੌਰ ਰੋਲ ਨੰਬਰ ਜਨਮ ਮਿਤੀ 25 ਸਤੰਬਰ, 2011 ਨੇ ਤੀਜਾ ਸਥਾਨ ਹਾਸਲ ਕੀਤਾ। ਬੋਰਡ ਮੁਖੀ ਨੇ ਦੱਸਿਆ ਕਿ ਪੰਜਵੀਂ ਜਮਾਤ ਦੀ ਪ੍ਰੀਖਿਆ ਵਿੱਚ ਕੁੱਲ 3,19,086 ਰੈਗੂਲਰ ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ। ਇਨ੍ਹਾਂ ਵਿੱਚੋਂ 3,17,728 ਵਿਦਿਆਰਥੀ ਪਾਸ ਹੋਏ ਹਨ, ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 99.57 ਫੀਸਦੀ ਹੈ। 1,49,942 ਲੜਕੀਆਂ ’ਚੋਂ 1,49,389 ਲੜਕੀਆਂ ਪਾਸ ਹੋਈਆਂ ਹਨ, ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 99.63 ਫੀਸਦੀ ਰਹੀ ਹੈ। ਜਦੋਂਕਿ 1,69,126 ਲੜਕਿਆਂ ’ਚੋਂ 1,68,321 ਲੜਕੇ ਪਾਸ ਹੋਏ ਹਨ, ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 99.52 ਫੀਸਦੀ ਰਹੀ। ਇੰਜ ਹੀ ਕੁੱਲ 18 ਟਰਾਂਸਜੈਂਡਰ ਵਿਦਿਆਰਥੀ ਵਧੀਆ ਅੰਕ ਲੈ ਕੇ ਪਾਸ ਹੋਏ ਹਨ। ਉਧਰ, ਮਾਨਤਾ ਪ੍ਰਾਪਤ ਸਕੂਲਾਂ ਦੇ 70631 ਬੱਚੇ ਪੰਜਵੀਂ ਜਮਾਤ ਦੀ ਪ੍ਰੀਖਿਆ ਵਿੱਚ ਅਪੀਅਰ ਹੋਏ ਸੀ, ਜਿਨ੍ਹਾਂ ’ਚੋਂ 70442 ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ ਅਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 99.73 ਫੀਸਦੀ ਰਹੀ। ਐਸੋਸੀਏਟਿਡ ਸਕੂਲਾਂ ਦੇ 23232 ’ਚੋਂ 23123 ਬੱਚੇ ਪਾਸ ਹੋਏ ਹਨ, ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 99.53 ਫੀਸਦੀ ਰਹੀ। ਸਰਕਾਰੀ ਸਕੂਲਾਂ ਦੇ 213432 ’ਚੋਂ 212481 ਵਿਦਿਆਰਥੀਆਂ ਪ੍ਰੀਖਿਆ ਪਾਸ ਕੀਤੀ। ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 99.55 ਫੀਸਦੀ ਰਹੀ। ਏਡਿਡ ਸਕੂਲਾਂ ਦੇ 11791 ’ਚੋਂ 11682 ਬੱਚੇ ਪਾਸ ਹੋਏ ਹਨ। ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 99.08 ਫੀਸਦੀ ਰਹੀ। ਵਿਸ਼ੇਵਾਰ ਪਾਸ ਪ੍ਰਤੀਸ਼ਤਤਾ ਅਨੁਸਾਰ ਪੰਜਾਬੀ ਪਹਿਲੀ ਭਾਸ਼ਾ 99.94 ਫੀਸਦੀ, ਪੰਜਾਬੀ ਦੂਜੀ ਭਾਸ਼ਾ 99.98 ਫੀਸਦੀ, ਹਿੰਦੀ ਪਹਿਲੀ ਭਾਸ਼ਾ 99.98, ਹਿੰਦੀ ਦੂਜੀ ਭਾਸ਼ਾ 99.92 ਫੀਸਦੀ, ਉਰਦੂ ਪਹਿਲੀ ਭਾਸ਼ਾ 100 ਫੀਸਦੀ, ਉਰਦੂ ਦੂਜੀ ਭਾਸ਼ਾ 98.49 ਫੀਸਦੀ, ਅੰਗਰੇਜ਼ੀ 99.93 ਫੀਸਦੀ, ਗਣਿਤ 99.80 ਫੀਸਦੀ, ਵਾਤਾਵਰਨ ਸਿੱਖਿਆ 99.94 ਫੀਸਦੀ, ਵੈੱਲਕਮ ਲਾਈਫ਼ 99.62 ਫੀਸਦੀ ਰਹੀ ਹੈ। ਵਿਦਿਆਰਥੀ ਨਤੀਜਾ ਭਲਕੇ 7 ਮਈ ਨੂੰ ਸਿੱਖਿਆ ਬੋਰਡ ਦੀ ਵੈੱਬਸਾਈਟ www.pseb.ac.in ਤੇ www.indiaresults.com ’ਤੇ ਦੇਖ ਸਕਦੇ ਹਨ।