ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 17 ਮਈ
ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋ. ਯੋਗਰਾਜ ਵੱਲੋਂ ਅੱਜ ਅੱਠਵੀਂ ਅਤੇ ਦਸਵੀਂ ਜਮਾਤ ਦਾ ਨਤੀਜਾ ਆਨਲਾਈਨ ਵਿਧੀ ਰਾਹੀਂ ਐਲਾਨਿਆ ਗਿਆ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਸਿੱਖਿਆ ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਅੱਠਵੀਂ ਅਤੇ ਦਸਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਜਮਾਤਾਂ ਦਾ ਨਤੀਜਾ ਲਗਪਗ 100 ਫੀਸਦੀ ਰਿਹਾ ਹੈ। ਪਿਛਲੇ ਸਾਲ ਵਾਂਗ ਐਤਕੀਂ ਵੀ ਬਗ਼ੈਰ ਮੈਰਿਟ ਸੂਚੀ ਜਾਰੀ ਕੀਤਿਆਂ ਨਤੀਜਾ ਐਲਾਨਿਆ ਗਿਆ ਕਿਉਂਕਿ ਇਸ ਸਾਲ ਵੀ ਕਰੋਨਾ ਮਹਾਮਾਰੀ ਕਾਰਨ ਸਕੂਲੀ ਬੱਚਿਆਂ ਦੀਆਂ ਸਾਲਾਨਾ ਪ੍ਰੀਖਿਆਵਾਂ ਨਹੀਂ ਲਈਆਂ ਜਾ ਸਕੀਆਂ ਹਨ। ਇਸ ਵਾਰ ਵੀ ਵਿਦਿਆਰਥੀਆਂ ਦੀ ਸਕੂਲ ਦੀ ਕਾਰਗੁਜ਼ਾਰੀ ਅਤੇ ਪ੍ਰੀ-ਬੋਰਡ ਪ੍ਰੀਖਿਆ ਦੇ ਅਨੁਪਾਤਕ ਅੰਕਾਂ ਨੂੰ ਆਧਾਰ ਬਣਾ ਕੇ ਨਤੀਜਾ ਤਿਆਰ ਕੀਤਾ ਗਿਆ ਹੈ।
ਪ੍ਰੋ. ਯੋਗਰਾਜ ਨੇ ਦੱਸਿਆ ਕਿ ਅੱਠਵੀਂ ਜਮਾਤ ਵਿੱਚ 3,07,272 ਵਿਦਿਆਰਥੀ ਪ੍ਰੀਖਿਆ ਵਿੱਚ ਅਪੀਅਰ ਹੋਏ ਸੀ, ਜਿਨ੍ਹਾਂ ’ਚੋਂ 3,06,894 ਬੱਚੇ ਪਾਸ ਹੋਏ ਹਨ ਅਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 99.88 ਫੀਸਦੀ ਹੈ। ਦਸਵੀਂ ਦੀ ਪ੍ਰੀਖਿਆ ਵਿੱਚ 3,21,384 ਵਿਦਿਆਰਥੀ ਅਪੀਅਰ ਹੋਏ ਹਨ, ਜਿਨ੍ਹਾਂ ’ਚੋਂ 3,21,163 ਵਿਦਿਆਰਥੀ ਪਾਸ ਹੋਏ ਹਨ ਅਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 99.93 ਫੀਸਦੀ ਬਣਦੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵੇਂ ਜਮਾਤਾਂ ਦੇ ਨਤੀਜਿਆਂ ਵਿੱਚ ਇਸ ਸਾਲ ਵੀ ਕੁੜੀਆਂ ਨੇ ਆਪਣੀ ਸਰਦਾਰੀ ਬਰਕਰਾਰ ਰੱਖਦਿਆਂ ਮੁੰਡਿਆਂ ਨੂੰ ਪਿੱਛੇ ਛੱਡ ਦਿੱਤਾ ਹੈ। ਦਸਵੀਂ ਜਮਾਤ ਵਿੱਚ ਕੁੜੀਆਂ ਦੀ ਪਾਸ ਪ੍ਰਤੀਸ਼ਤਤਾ 99.94 ਫੀਸਦੀ ਅਤੇ ਮੁੰਡਿਆਂ ਦੀ ਪਾਸ ਪ੍ਰਤੀਸ਼ਤਤਾ 99.92 ਫੀਸਦੀ ਹੈ। ਇੰਜ ਹੀ ਅੱਠਵੀਂ ਜਮਾਤ ਵਿੱਚ ਕੁੜੀਆਂ ਦੀ ਪਾਸ ਪ੍ਰਤੀਸ਼ਤਤਾ 99.90 ਫੀਸਦੀ ਹੈ, ਜਦੋਂਕਿ ਮੁੰਡਿਆਂ ਦੀ ਪਾਸ ਪ੍ਰਤੀਸ਼ਤਤਾ 99.86 ਫੀਸਦੀ ਰਹੀ ਹੈ।
ਬੋਰਡ ਵੱਲੋਂ ਐਲਾਨੇ ਆਨਲਾਈਨ ਨਤੀਜੇ ਵਿੱਚ ਅੱਠਵੀਂ ਜਮਾਤ ਨਾਲ ਸਬੰਧਤ ਪੇਂਡੂ ਤੇ ਸ਼ਹਿਰੀ ਖੇਤਰ ਦੇ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ 99.88 ਫੀਸਦੀ ਨਾਲ ਬਰਾਬਰ ਰਹੀ, ਜਦੋਂਕਿ ਦਸਵੀਂ ਵਿੱਚ ਪੇਂਡੂ ਸਕੂਲਾਂ ਦਾ ਸ਼ਾਨਦਾਰ ਨਤੀਜਾ ਰਿਹਾ ਹੈ। ਪਿੰਡਾਂ ਦੇ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ 99.94 ਫੀਸਦੀ ਅਤੇ ਸ਼ਹਿਰੀ ਖੇਤਰ ਦੇ ਸਕੂਲਾਂ ਦਾ ਨਤੀਜਾ 99.90 ਫੀਸਦੀ ਰਿਹਾ ਹੈ।
ਫੇਲ੍ਹ ਵਿਦਿਆਰਥੀਆਂ ਨੂੰ ਮਾਹੌਲ ਸੁਖਾਵਾਂ ਹੋਣ ਮਗਰੋਂ ਮਿਲੇਗਾ ਇਕ ਹੋਰ ਮੌਕਾ
ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋ. ਯੋਗਰਾਜ ਨੇ ਦੱਸਿਆ ਕਿ ਦਸਵੀਂ ਵਿੱਚ 12 ਵਿਦਿਆਰਥੀ ਅਤੇ ਅੱਠਵੀਂ 299 ਵਿਦਿਆਰਥੀ ਫੇਲ੍ਹ ਹਨ। ਉਨ੍ਹਾਂ ਦੱਸਿਆ ਕਿ ਇਸ ਨਤੀਜੇ ਤੋਂ ਨਾਖ਼ੁਸ਼ ਵਿਦਿਆਰਥੀਆਂ ਅਤੇ ਫੇਲ੍ਹ ਵਿਦਿਆਰਥੀਆਂ ਨੂੰ ਕਰੋਨਾ ਮਹਾਮਾਰੀ ਸਬੰਧੀ ਸੂਬੇ ਵਿੱਚ ਮਾਹੌਲ ਸੁਖਾਵੇਂ ਹੋਣ ਤੋਂ ਬਾਅਦ ਇਕ ਹੋਰ ਮੌਕਾ ਦਿੱਤਾ ਜਾਵੇਗਾ ਅਤੇ ਇਨ੍ਹਾਂ ਦੀ ਵਿਦਿਆਰਥੀਆਂ ਦੀ ਦੁਬਾਰਾ ਸਪਲੀਮੈਂਟਰੀ ਪ੍ਰੀਖਿਆ ਲਈ ਜਾਵੇਗੀ। ਬਾਰ੍ਹਵੀਂ ਜਮਾਤ ਦੇ ਨਤੀਜੇ ਬਾਰੇ ਪੁੱਛੇ ਜਾਣ ’ਤੇ ਚੇਅਰਮੈਨ ਨੇ ਦੱਸਿਆ ਕਿ ਫਿਲਹਾਲ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਲੈਣ ਜਾਂ ਅੱਠਵੀਂ ਤੇ ਦਸਵੀਂ ਵਾਂਗ ਬਿਨਾਂ ਮੈਰਿਟ ਸੂਚੀ ਤੋਂ ਨਤੀਜਾ ਐਲਾਨਣ ਬਾਰੇ ਕੋਈ ਵੀ ਫ਼ੈਸਲਾ ਪੰਜਾਬ ਸਰਕਾਰ ਤੇ ਸਿੱਖਿਆ ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਰੋਨਾ ਸਬੰਧੀ ਮਾਹੌਲ ਸੁਖਾਵਾਂ ਹੋਣ ’ਤੇ ਇਸ ਬਾਰੇ ਚਰਚਾ ਕੀਤੀ ਜਾਵੇਗੀ ਅਤੇ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਅੰਤਿਮ ਫ਼ੈਸਲਾ ਲਿਆ ਜਾਵੇਗਾ।
ਕ੍ਰਿਸ਼ਨ ਕੁਮਾਰ ਵੱਲੋਂ ਵਿਦਿਆਰਥੀਆਂ ਨੂੰ ਵਧਾਈ
ਸਿੱਖਿਆ ਵਿਭਾਗ ਪੰਜਾਬ ਵੱਲੋਂ ਐਲਾਨੇ ਨਤੀਜਿਆਂ ਮਗਰੋਂ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਜਿੱਥੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ, ਉੱਥੇ ਉਨ੍ਹਾਂ ਸਕੂਲ ਮੁਖੀਆਂ ਅਤੇ ਅਧਿਆਪਕਾਂ ਦੀ ਵੀ ਵਧੀਆ ਕਾਰਗੁਜ਼ਾਰੀ ਲਈ ਸਰਾਹਨਾ ਕੀਤੀ। ਉਨ੍ਹਾਂ ਕਿਹਾ ਕਿ ਮਿਸ਼ਨ ਸ਼ਤ-ਪ੍ਰਤੀਸ਼ਤ ਨਾਲ ਨਾਜ਼ੁਕ ਹਾਲਾਤ ਵਿੱਚ ਵੀ ਵਿਦਿਆਰਥੀਆਂ ਦੀ ਲਗਨ ਅਤੇ ਅਧਿਆਪਕਾਂ ਵੱਲੋਂ ਦ੍ਰਿੜਤਾ ਨਾਲ ਕਰਵਾਈ ਗਈ ਸਖ਼ਤ ਮਿਹਨਤ ਦਾ ਬਿਹਤਰੀਨ ਨਤੀਜਾ ਮਿਲਿਆ ਹੈ। ਉਨ੍ਹਾਂ ਕਿਹਾ ਵਿਦਿਆਰਥੀ ਇਸ ਸਾਲ ਵੀ ਆਪਣੀ ਪੜ੍ਹਾਈ ਨੂੰ ਸੰਜੀਦਗੀ ਨਾਲ ਲੈ ਕੇ ਅਧਿਆਪਕਾਂ ਤੋਂ ਆਨਲਾਈਨ ਅਗਵਾਈ ਲੈਂਦੇ ਰਹਿਣ। ਵਿਭਾਗ ਵੱਲੋਂ ਪਿਛਲੇ ਸਾਲ ਵਾਂਗ ਇਸ ਸਾਲ ਵੀ ਸੰਕਟਮਈ ਹਾਲਾਤ ਵਿੱਚ ਘਰ ਬੈਠੇ ਸਿੱਖਿਆ ਮਿਸ਼ਨ ਤਹਿਤ ਵਿਦਿਆਰਥੀਆਂ ਲਈ ਦੂਰਦਰਸ਼ਨ ਪੰਜਾਬੀ ਅਤੇ ਹੋਰ ਵੱਖ-ਵੱਖ ਸੋਸ਼ਲ ਮੀਡੀਆ ਐਪਸ ਰਾਹੀਂ ਆਨਲਾਈਨ ਜਮਾਤਾਂ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਵਧੀਆ ਸਹੂਲਤਾਂ ਅਤੇ ਮੁਫ਼ਤ ਪੜ੍ਹਾਈ ਪ੍ਰਬੰਧਾਂ ਕਾਰਨ ਵਿਦਿਆਰਥੀਆਂ ਦੀ ਗਿਣਤੀ ਵਿੱਚ ਲਗਾਤਾਰ ਰਿਕਾਰਡ ਵਾਧਾ ਹੋ ਰਿਹਾ ਹੈ।