ਕੁਲਦੀਪ ਸਿੰਘ
ਚੰਡੀਗੜ੍ਹ, 21 ਜੂਨ
ਪੰਜਾਬ ਰੋਡਵੇਜ਼ ਪਨਬੱਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਕੱਚੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿਭਾਗ ਵੱਲੋਂ ਨਾ ਦੇਣ ਦੇ ਰੋਸ ਵਜੋਂ ਤਨਖਾਹ ਨਹੀਂ ਤਾਂ ਕੰਮ ਨਹੀਂ ਦਾ ਨਾਅਰਾ ਬੁਲੰਦ ਕਰਦੇ ਹੋਏ ਪੰਜਾਬ ਦੇ ਸਾਰੇ ਬੱਸ ਸਟੈਂਡ ਬੰਦ ਕਰਕੇ ਪ੍ਰਦਰਸ਼ਨ ਕੀਤਾ ਗਿਆ। ਫਿਰੋਜ਼ਪੁਰ ਕੈਂਟ ਬੱਸ ਸਟੈਂਡ ‘ਤੇ ਧਰਨੇ ਦੌਰਾਨ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਤੇ ਡਿਪੂ ਪ੍ਰਧਾਨ ਜਤਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਵੀ ਕਾਂਗਰਸ ਅਤੇ ਅਕਾਲੀ ਦਲ ਭਾਜਪਾ ਸਰਕਾਰਾਂ ਵਾਂਗ ਹੀ ਮੌਜੂਦਾ ਸਰਕਾਰ ਹੈ।
ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ’ਤੇ ਸੰਘਰਸ਼ ਕਰਦੇ ਕੱਚੇ ਮੁਲਾਜ਼ਮਾਂ ਨੂੰ ਹੁਣ ਪਹਿਲਾਂ ਤੋਂ ਵੀ ਮਾੜੇ ਹਾਲਾਤ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੈਦਾ ਕੀਤੇ ਜਾ ਰਹੇ ਹਨ। ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਤੇ ਸੰਘਰਸ਼ ਦੇ ਨਾਲ ਨਾਲ ਹੁਣ ਹਰ ਮਹੀਨੇ ਪਨਬੱਸ ਅਤੇ ਪੀਆਰਟੀਸੀ ਮੁਲਾਜ਼ਮਾਂ ਦੀਆਂ ਤਨਖਾਹਾਂ ਬਹੁਤ ਹੀ ਦੇਰੀ ਅਦਾ ਕੀਤੀਆਂ ਜਾ ਰਹੀਆਂ ਹਨ। ਤਨਖਾਹ ਪਵਾਉਣ ਲਈ ਵੀ ਰੋਸ ਮੁਜ਼ਾਹਰੇ ਜਾਂ ਹੜਤਾਲ ਕਰਨੀ ਪੈਂਦੀ ਹੈ। ਇਸ ਕਾਰਨ ਪੰਜਾਬ ਦੇ ਸਾਰੇ ਬੱਸ ਸਟੈਂਡ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਤੋਂ ਬਾਅਦ ਵੀ ਜੇਕਰ ਤਨਖਾਹ ਨਹੀਂ ਆਉਂਦੀ ਤਾਂ 23 ਜੂਨ ਨੂੰ ਦੁਪਹਿਰ 12 ਵਜੇ ਤੋਂ ਸਮੂਹ ਕਰਮਚਾਰੀ ਬੱਸਾਂ ਬੰਦ ਕਰਕੇ ਪਨਬੱਸ ਤੇ ਪੀਆਰਟੀਸੀ ਦਾ ਚੱਕਾ ਜਾਮ ਕਰਨਗੇ ਮੌਕੇ ਤੇ ਹੀ ਜਥੇਬੰਦੀ ਵੱਲੋਂ ਪੰਜਾਬ ਭਰ ’ਚ ਬੱਸਾਂ ਟੇਢੀਆਂ ਲਾ ਕੇ ਜਾਮ ਲਗਾਏ ਜਾਣਗੇ। ਹਰਜੀਤ ਸਿੰਘ ਤੇ ਮੁੱਖਪਾਲ ਸਿੰਘ ਨੇ ਕਿਹਾ ਕਿ ਅਗਲੇ ਮਹੀਨੇ ਤੋਂ 7 ਤਰੀਕ ਤੋਂ ਬਾਅਦ ਗੇਟ ਰੈਲੀਆਂ ਅਤੇ 10 ਤੋਂ ਬਾਅਦ ਬੱਸ ਸਟੈਂਡ ਬੰਦ ਸਮੇਤ 15 ਤੋਂ ਮੁਕੰਮਲ ਪੰਜਾਬ ਬੰਦ ਦੇ ਪ੍ਰੋਗਰਾਮ ਉਲੀਕੇ ਜਾਣਗੇ।