ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 8 ਫਰਵਰੀ
ਵਿਧਾਨ ਸਭਾ ਹਲਕਾ ਬਟਾਲਾ ਅਧੀਨ ਆਉਂਦੇ ਪਿੰਡ ਕਲੇਰ ਖੁਰਦ ਵਿਚ ਜਗਜੀਤ ਸਿੰਘ ਅਤੇ ਸਕੱਤਰ ਸਿੰਘ ਦੇ ਸਹਿਯੋਗ ਨਾਲ ਸ਼੍ਰੋਮਣੀ ਅਕਾਲੀ ਦਲ-ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸੁੱਚਾ ਸਿੰਘ ਛੋਟੇਪੁਰ ਦੇ ਹੱਕ ਵਿੱਚ ਚੋਣ ਜਲਸਾ ਕੀਤਾ ਗਿਆ। ਇਸ ਮੌਕੇ ਸੁੱਚਾ ਸਿੰਘ ਛੋਟੇਪੁਰ ਦਾ ਪਿੰਡ ਵਾਸੀਆਂ ਵੱਲੋਂ ਸਵਾਗਤ ਕੀਤਾ ਗਿਆ। ਸ੍ਰੀ ਛੋਟੇਪੁਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਲੋਕਾਂ ਦੀ ਪੰਥਕ ਪਾਰਟੀ ਹੈ ਜੋ ਹਰੇਕ ਵਰਗ ਦਾ ਸਤਿਕਾਰ ਕਰਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਤੇ ਪੰਜਾਬ ਨੂੰ ਭ੍ਰਿਸ਼ਟ ਆਗੂਆਂ ਤੋਂ ਖਤਰਾ ਹੈ ਜਦਕਿ ਸਿਆਸੀ ਆਗੂਆਂ ਦਾ ਮੁੱਖ ਮਨੋਰਥ ਲੋਕਾਂ ਦੀ ਸੇਵਾ ਕਰਨਾ ਹੁੰਦਾ ਹੈ। ਪਹਿਲੇ ਸਮਿਆਂ ਵਿੱਚ ਲੋਕ ਇਮਾਨਦਾਰ ਆਗੂਆਂ ਦਾ ਸਤਿਕਾਰ ਕਰਦੇ ਸਨ, ਪਰ ਅੱਜ ਦੇ ਦੌਰ ਵਿੱਚ ਭ੍ਰਿਸ਼ਟ ਆਗੂਆਂ ਨੇ ਇਮਾਨਦਾਰ ਆਗੂਆਂ ਨੂੰ ਵੀ ਬਦਨਾਮ ਕੀਤਾ ਹੋਇਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਹਿੱਤਾਂ ਲਈ ਸ਼੍ਰੋਮਣੀ ਅਕਾਲੀ ਦਲ-ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਾਉਣ ਲਈ ਹੰਭਲਾ ਮਾਰਨ ਜਿਸ ਦੀ ਅਜੋਕੇ ਸਮੇਂ ਵੱਡੀ ਲੋੜ ਹੈ। ਇਸ ਮੌਕੇ ਸਕੱਤਰ ਸਿੰਘ, ਬਾਬਾ ਬਘੇਲ ਸਿੰਘ, ਗੁਰਨਾਮ ਸਿੰਘ ਕਲੇਰ, ਬਲਵਿੰਦਰ ਸਿੰਘ, ਸਾਹਿਬ ਸਿੰਘ, ਗੁਰਜੀਤ ਸਿੰਘ, ਗੁਰਸੇਵਕ ਸਿੰਘ, ਸੰਤੋਖ ਸਿੰਘ, ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਰਮਨਦੀਪ ਸਿੰਘ ਸੰਧੂ, ਬਲਵੰਤ ਸਿੰਘ, ਕੰਵਲਜੀਤ ਸਿੰਘ ਹਾਜ਼ਰ ਸਨ।