ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 29 ਜੂਨ
ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਸੂਬੇ ਨੇ ਮੱਝਾਂ ਦੀ ਨੀਲੀ ਰਾਵੀ ਦੀ ਪੈਡੀਗਿਰੀ ਸਿਲੈੱਕਸ਼ਨ ਸਕੀਮ ਵਿੱਚ ਮੁਲਕ ਭਰ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ ਹੈ। ਇਸ ਦੇਸੀ ਨਸਲ ਨੂੰ ਸੂਬੇ ਵਿੱਚ ਪ੍ਰਫੁੱਲਿਤ ਕਰਨ ਲਈ ਨੀਲੀ ਰਾਵੀ ਮੱਝਾਂ ਦੀ ਪੈਡੀਗਿਰੀ ਸਿਲੈੱਕਸ਼ਨ ਸਕੀਮ ਚਲਾਈ ਜਾ ਰਹੀ ਹੈ।
ਖੁੱਡੀਆਂ ਨੇ ਕਿਹਾ ਕਿ ਸੂਬੇ ਨੇ ਮੁਰ੍ਹਾ ਨਸਲ ਦੀਆਂ ਮੱਝਾਂ ਦੀ ਟੈਸਟਿੰਗ ਸਕੀਮ ਵਿੱਚ ਪੰਜਵਾਂ ਅਤੇ ਸਾਹੀਵਾਲ ਗਊਆਂ ਦੀ ਟੈਸਟਿੰਗ ਸਕੀਮ ਵਿੱਚ 6ਵਾਂ ਸਥਾਨ ਹਾਸਲ ਕੀਤਾ ਹੈ। ਪੰਜਾਬ ਨੇ ਮੁਰ੍ਹਾ ਟੈਸਟਿੰਗ ਪ੍ਰਾਜੈਕਟ ਦਾ ਟੀਚਾ ਪਹਿਲਾਂ ਹੀ ਹਾਸਲ ਕਰ ਲਿਆ ਹੈ, ਜੋ ਸਾਲ 2024 ਵਿੱਚ ਪੂਰਾ ਕੀਤਾ ਜਾਣਾ ਸੀ। ਇਨ੍ਹਾਂ ਸਕੀਮਾਂ ਦਾ ਮੰਤਵ ਇਨ੍ਹਾਂ ਤਿੰਨੇ ਨਸਲਾਂ ਦੀਆਂ ਵੱਧ ਦੁੱਧ ਦੇਣ ਦੀ ਸਮਰੱਥਾ ਰੱਖਣ ਵਾਲੀਆਂ ਮੱਝਾਂ ਤੇ ਗਊਆਂ ਵਿੱਚੋਂ ਉੱਚ ਪੱਧਰੀ ਨਸਲ ਦੇ ਸਾਨ੍ਹ ਪੈਦਾ ਕਰਨਾ ਸੀ। ਖੁੱਡੀਆਂ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਲੰਪੀ ਸਕਿੱਨ ਬਿਮਾਰੀ ਨੂੰ ਰੋਕਣ ਲਈ ਹੁਣ ਤੱਕ ਸੂਬੇ ਵਿੱਚ ਗਊਆਂ ਨੂੰ ਗੌਟ ਪੌਕਸ ਵੈਕਸੀਨ ਦੀਆਂ ਕੁੱਲ 25 ਲੱਖ ਖ਼ੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਪਸ਼ੂਆਂ ਨੂੰ ਗਲਘੋਟੂ ਬਿਮਾਰੀ ਤੋਂ ਬਚਾਉਣ ਲਈ ਸੂਬਾ ਪੱਧਰੀ ਮੁਹਿੰਮ ਤਹਿਤ ਟੀਕੇ ਲਗਾਏ ਜਾ ਰਹੇ ਹਨ ਤੇ ਮੂੰਹਖੁਰ ਦੀ ਬਿਮਾਰੀ ਦੀ ਰੋਕਥਾਮ ਲਈ ਵੈਕਸੀਨ ਲਗਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਵੱਛੀਆਂ/ਕੱਟੀਆਂ ਪੈਦਾ ਕਰਨ ਲਈ ਸੀਮਨ ਦੇ 75,000 ਟੀਕੇ ਵੀ ਖਰੀਦੇ ਗਏ ਹਨ।