ਨਵਕਿਰਨ ਸਿੰਘ
ਮਹਿਲ ਕਲਾਂ, 2 ਅਕਤੂਬਰ
ਅੱਜ ਪਿੰਡ ਰਾਏਸਰ ਦੇ ਸੰਤ ਰਾਮ ਉਦਾਸੀ ਯਾਦਗਾਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵੱਲੋਂ ਪਾਰਕ ਦਾ ਉਦਘਾਟਨ ਕੀਤਾ ਜਾਣਾ ਸੀ ਪਰ ਇਸ ਦੀ ਭਿਣਕ ਕਿਸਾਨ ਜਥੇਬੰਦੀਆਂ ਨੂੰ ਲੱਗਣ ਕਾਰਨ ਕਾਂਗਰਸੀਆਂ ਦੀ ਤਿਆਰੀ ਧਰੀ-ਧਰਾਈ ਰਹਿ ਗਈ। ਪੰਜਾਬ ਕੈਬਨਿਟ ਵੱਲੋਂ ਵਿਧਾਨ ਸਭਾ ਦਾ ਸ਼ੈਸ਼ਨ ਸੱਦ ਕੇ ਖੇਤੀ ਕਾਨੂੰਨਾਂ ਖ਼ਿਲਾਫ਼ ਮਤਾ ਨਾ ਪਾਉਣ ਤੋਂ ਕਿਸਾਨ ਜਥੇਬੰਦੀਆਂ ਖ਼ਫਾ ਹਨ। ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਅਤੇ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਵੱਲੋਂ ਬਿਜਲੀ ਮੰਤਰੀ ਦੇ ਸਕੂਲ ਪਹੁੰਚਣ ਤੋਂ ਕੁੱਝ ਮਿੰਟ ਪਹਿਲਾਂ ਹੀ ਸਕੂਲ ਦਾ ਘਿਰਾਓ ਕਰ ਲਿਆ ਗਿਆ, ਜਦ ਕਿਸਾਨ ਜਥੇਬੰਦੀਆਂ ਨੇ ਸਕੂਲ ਦਾ ਘਿਰਾਓ ਕੀਤਾ ਤਾਂ ਕਾਂਗਰਸ ਪਾਰਟੀ ਦੀ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ ਸਕੂਲ ਵਿੱਚ ਸਨ। ਸਥਿਤੀ ਤਣਾਅਪੂਰਨ ਹੋਣ ਕਾਰਨ ਐੱਸਪੀ ਸੁਖਦੇਵ ਸਿੰਘ ਵਿਰਕ, ਐੱਸਪੀ ਜਗਵਿੰਦਰ ਸਿੰਘ, ਏਐੱਸਪੀ ਮਹਿਲ ਕਲਾਂ ਪ੍ਰੱਗਿਆ ਜੈਨ ਸਮੇਤ ਤਿੰਨ ਥਾਣਿਆ ਦੇ ਐੱਸਐੱਚਓ ਤੇ ਵੱਡੀ ਗਿਣਤੀ ਪੁਲੀ ਮੌਜੂਦ ਸੀ। ਕਿਸਾਨ ਰੋਹ ਨੂੰ ਵੇਖਦਿਆ ਪੁਲੀਸ ਨੂੰ ਕੈਬਨਿਟ ਮੰਤਰੀ ਤਾਂ ਰਸਤੇ ‘ਚੋਂ ਤੋਂ ਮੋੜਨਾ ਹੀ ਪਿਆ ਬਲਕਿ ਕਿਸਾਨਾਂ ਨੇ ਲੰਮਾ ਸਮਾਂ ਬੀਬੀ ਘਨੌਰੀ ਦਾ ਘਿਰਾਓ ਕਰੀ ਰੱਖਿਆ। ਕਿਸਾਨਾਂ ਨੇ ਇਸ ਸ਼ਰਤ ‘ਤੇ ਧਰਨਾ ਚੁੱਕਿਆ ਕਿ ਬੀਬੀ ਘਨੌਰੀ ਲੋਕ ਇਕੱਠ ਵਿੱਚ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦੇਵੇਗੀ।
ਇਸ ਮੌਕੇ ਬੀਕੇਯੂ (ਡਕੌਂਦਾ) ਦੇ ਜਗਰਾਜ ਹਰਦਾਸਪੁਰਾ ਅਤੇ ਬੀਕੇਯੂ (ਲੱਖੋਵਾਲ) ਦੇ ਜਗਸੀਰ ਸਿੰਘ ਛੀਨੀਵਾਲ ਨੇ ਬੀਬੀ ਘਨੌਰੀ ਨੂੰ ਪੁੱਛਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਜਥੇਬੰਦੀਆਂ ਨਾਲ ਵਾਅਦਾ ਕੀਤਾ ਸੀ ਕਿ ਇੱਕ ਹਫਤੇ ਵਿੱਚ ਖੇਤੀ ਆਰਡੀਨੈਂਸ ਰੱਦ ਕੀਤੇ ਜਾਣਗੇ ਤਾਂ ਉਸ ਵਾਅਦੇ ਦਾ ਕੀ ਬਣਿਆ ਅਤੇ ਘਰ ਘਰ ਰੁਜ਼ਗਾਰ ਦਾ ਵਾਅਦਾ ਪੂਰ ਕਿਉਂ ਨਹੀਂ ਚੜ੍ਹਿਆ ਤਾਂ ਬੀਬੀ ਘਨੌਰੀ ਕਿਸਾਨਾਂ ਦੇ ਸਵਾਲਾਂ ਦੇ ਸਪੱਸ਼ਟ ਜਵਾਬ ਨਹੀਂ ਦੇ ਸਕੀ। ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜਿਲ੍ਹਾ ਆਗੂ ਵਰਿੰਦਰ ਸਿੰਘ ਅਜ਼ਾਦ,ਬੀਕੇਯੂ (ਡਕੌਂਦਾ) ਦੇ ਜਗਸੀਰ ਸਿੰਘ ਜੱਗੀ,ਬੀਕੇਯੂ (ਲੱਖੋਵਾਲ) ਦੇ ਗੁਰਧਿਆਨ ਸਿੰਘ ਸਹਿਜੜ੍ਹਾ ਹਾਜ਼ਰ ਸਨ।