ਅਹਿਮਦਾਬਾਦ/ਚੰਡੀਗੜ੍ਹ, 12 ਜੁਲਾਈ
ਪੰਜਾਬ ਪੁਲੀਸ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ ’ਤੇ ਗੁਜਰਾਤ ਤੇ ਅਤਿਵਾਦ ਵਿਰੋਧੀ ਦਸਤੇ ਨੇ ਕੱਛ ਜ਼ਿਲ੍ਹੇ ਵਿਚਲੀ ਮੁੰਦਰਾ ਬੰਦਰਗਾਹ ਨੇੜੇ ਕੰਟੇਨਰ ਵਿੱਚੋਂ 75 ਕਿਲੋ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਹੈ। ਕੌਮਾਂਤਰੀ ਬਾਜ਼ਾਰ ਵਿੱਚ ਹੈਰੋਇਨ ਦੀ ਕੀਮਤ 350 ਕਰੋੜ ਰੁਪਏ ਤੋਂ ਵੱਧ ਦੱਸੀ ਜਾਂਦੀ ਹੈ। ਇਹ ਕੰਟੇਨਰ ਪੰਜਾਬ ਦੇ ਕਾਰੋਬਾਰੀ ਵੱਲੋਂ ਬੁੱਕ ਕੀਤਾ ਗਿਆ ਸੀ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇਕ ਟਵੀਟ ਵਿੱਚ ਜਾਣਕਾਰੀ ਦਿੱਤੀ ਕਿ ਅਣਸਿਉਂਤੇ ਕੱਪੜਿਆਂ ਨਾਲ ਲੱਦੇ ਕੰਟੇਨਰ ਵਿੱਚ ਹੈਰੋਇਨ ਹੋਣ ਬਾਰੇ ਜਾਣਕਾਰੀ ਪੰਜਾਬ ਪੁਲੀਸ ਵੱਲੋਂ ਗੁਜਰਾਤ ਏਟੀਐੇੱਸ ਨਾਲ ਸਾਂਝੀ ਕੀਤੀ ਗਈ ਸੀ। ਇਸ ਮਗਰੋਂ ਕੀਤੀ ਸਾਂਝੀ ਕਾਰਵਾਈ ਦੌਰਾਨ 75 ਕਿਲੋ ਹੈਰੋਇਨ ਬਰਾਮਦ ਹੋਈ। ਉਧਰ ਏਟੀਐੱਸ ਅਧਿਕਾਰੀ ਨੇ ਕਿਹਾ ਕਿ ਤਲਾਸ਼ੀ ਮੁਹਿੰਮ ਜਾਰੀ ਹੈ ਤੇ ਫੜੇ ਗਏ ਨਸ਼ੇ ਦੀ ਮਿਕਦਾਰ ਤੇ ਕੀਮਤ ਵਧ ਸਕਦੀ ਹੈ। ਏਟੀਐੱਸ ਨੇ ਇਕ ਸੂਹ ਦੇ ਆਧਾਰ ’ਤੇ ਸ਼ਿਪਿੰਗ ਕੰਟੇਨਰ ਦੀ ਤਲਾਸ਼ੀ ਲਈ ਸੀ। ਕੰਟੇਨਰ ਪਿਛਲੇ ਸਮੇਂ ਵਿੱਚ ਦੂਜੇ ਮੁਲਕ ਤੋਂ ਇਥੇ ਆਇਆ ਸੀ ਤੇ ਇਸ ਨੂੰ ਬੰਦਰਗਾਹ ਦੇ ਬਾਹਰ ਕੰਟੇਨਰ ਫਰੇਟ ਸਟੇਸ਼ਨ ’ਤੇ ਰੱਖਿਆ ਗਿਆ ਸੀ। ਏਟੀਐੱਸ ਨੇ ਕਾਰਗੋ ਵਿੱਚ ਲੁਕੋਈ 75 ਕਿਲੋ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਹੈ। ਇਸ ਤੋਂ ਪਹਿਲਾਂ ਵੀ ਵੱਖ-ਵੱਖ ਸੂਬਾਈ ਤੇ ਕੇਂਦਰੀ ਏਜੰਸੀਆਂ, ਜਿਨ੍ਹਾਂ ਵਿੱਚ ਏਟੀਐੱਸ ਤੇ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਵੀ ਸ਼ਾਮਲ ਹਨ, ਨੇ ਹੋਰਨਾਂ ਮੁਲਕਾਂ ਤੋਂ ਗੁਜਰਾਤ ਬੰਦਰਗਾਹ ’ਤੇ ਪੁੱਜੇ ਸ਼ਿਪਿੰਗ ਕੰਨਟੇਨਰਾਂ ਵਿੱਚੋਂ ਕਰੋੜਾਂ ਰੁਪਏ ਮੁੱਲ ਦੇ ਨਸ਼ੇ ਬਰਾਮਦ ਕੀਤੇ ਹਨ। ਡੀਆਰਆਈ ਨੇ ਪਿਛਲੇ ਸਾਲ ਸਤੰਬਰ ਵਿੱਚ ਮੁੰਦਰਾ ਬੰਦਰਗਾਹ ’ਤੇ ਖੜ੍ਹੇ ਦੋ ਕੰਟੇਨਰਾਂ ਵਿੱਚੋਂ 3000 ਕਿਲੋ ਹੈਰੋਇਨ ਬਰਾਮਦ ਕੀਤੀ ਸੀ, ਜੋ ਅਫ਼ਗ਼ਾਨਿਸਤਾਨ ਤੋਂ ਆਈ ਸੀ ਤੇ ਆਲਮੀ ਬਾਜ਼ਾਰ ਵਿੱਚ ਇਸ ਦੀ ਕੀਮਤ 21,000 ਕਰੋੜ ਰੁਪਏ ਦੱਸੀ ਗਈ ਸੀ।
ਮਾਲੇਰਕੋਟਲਾ ਦੇ ਦਰਾਮਦਕਾਰ ਨੇ ਮੰਗਵਾਇਆ ਸੀ ਕੰਟੇਨਰ: ਡੀਜੀਪੀ
ਚੰਡੀਗੜ੍ਹ(ਟਨਸ): ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਯੂਏਈ ਤੋਂ ਪੰਜਾਬ ਵਿੱਚ ਹੈਰੋਇਨ ਦੀ ਤਸਕਰੀ ਬਾਰੇ ਖ਼ੁਫੀਆ ਸੂਚਨਾ ਮਿਲਣ ਤੋਂ ਬਾਅਦ ਪੰਜਾਬ ਪੁਲੀਸ ਦੀਆਂ ਟੀਮਾਂ ਨੇ ਏਟੀਐੱਸ ਗੁਜਰਾਤ ਅਤੇ ਕੇਂਦਰੀ ਏਜੰਸੀਆਂ ਨਾਲ ਸਾਂਝੇ ਅਪਰੇਸ਼ਨ ਦੌਰਾਨ ਗੁਜਰਾਤ ਦੀ ਮੁੰਦਰਾ ਬੰਦਰਗਾਹ ਵਿੱਚ ਇੱਕ ਕੰਨਟੇਨਰ ਵਿੱਚੋਂ 75 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਨਸ਼ੀਲੇ ਪਦਾਰਥ ਨੂੰ ਕੱਪੜਿਆਂ ਦੇ ਕੰਨਟੇਨਰ ਵਿੱਚ ਛੁਪਾ ਕੇ ਰੱਖਿਆ ਗਿਆ ਸੀ। ਇਹ ਕੰਨਟੇਨਰ ਯੂਏਈ ਦੇ ਜੇਬਲ ਅਲੀ ਬੰਦਰਗਾਹ ਤੋਂ ਲੋਡ ਕੀਤਾ ਗਿਆ ਸੀ। ਇਸ ਨੂੰ ਮਾਲੇਰਕੋਟਲਾ ਦੇ ਇੱਕ ਦਰਾਮਦਕਾਰ ਨੇ ਮੰਗਵਾਇਆ ਸੀ। ਡੀਜੀਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਇਹ ਖੇਪ ਪੰਜਾਬ ਰਸਤੇ ਕਿਸੇ ਹੋਰ ਥਾਂ ਪਹੁੰਚਾਈ ਜਾਣੀ ਸੀ। ਉਨ੍ਹਾਂ ਕਿਹਾ ਕਿ ਅਗਲੇਰੀ ਜਾਂਚ ਲਈ ਮਾਲੇਰਕੋਟਲਾ ਅਤੇ ਲੁਧਿਆਣਾ ਦੇ ਕੁਝ ਸ਼ੱਕੀਆਂ ਨੂੰ ਸਬੰਧਿਤ ਜ਼ਿਲ੍ਹਾ ਪੁਲੀਸ ਵੱਲੋਂ ਪੜਤਾਲ ਲਈ ਬੁਲਾਇਆ ਗਿਆ ਹੈ।