ਸੌਰਭ ਮਲਿਕ
ਚੰਡੀਗੜ੍ਹ, 14 ਜੂੁੁਨ
ਪੰਜਾਬ ਪੁਲੀਸ ਵੀ ਨਸਲਵਾਦ ਖ਼ਿਲਾਫ਼ ਦੁਨੀਆ ਭਰ ਵਿਚ ਚੱਲ ਰਹੀ ਮੁਹਿੰਮ ਦੇ ਘੇਰੇ ਵਿਚ ਆ ਗਈ ਹੈ। ਸੂਬਾ ਪੁਲੀਸ ਟਰਾਇਲ ਅਦਾਲਤਾਂ ਵਿਚ ਦਾਇਰ ਕੀਤੀਆਂ ਜਾਂਦੀਆਂ ਆਪਣੀਆਂ ਆਖ਼ਰੀ ਜਾਂਚ ਰਿਪੋਰਟਾਂ ’ਚ ਅਫ਼ਰੀਕੀ ਨਾਗਰਿਕਾਂ ਲਈ ‘ਬੇਹੱਦ ਅਪਮਾਨਜਨਕ’ ਸ਼ਬਦ ਵਰਤ ਰਹੀ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੁਲੀਸ ਦੀ ਇਸ ‘ਮਾੜੀ ਸੋਚ’ ਲਈ ਅਤੇ ‘ਮੁਲਕ ਦੀ ਬਦਨਾਮੀ ਕਰਵਾਉਣ ਤੇ ਨਫ਼ਰਤ ਪੈਦਾ ਕਰਨ’ ਲਈ ਖਿਚਾਈ ਕੀਤੀ ਹੈ। ਅਦਾਲਤ ਨੇ ਕਿਹਾ ਕਿ ਇਹ ‘ਨੁਕਸਾਨਦੇਹ ਵਰਤਾਰਾ’ ਹੈ ਤੇ ਸਮਾਜਿਕ ਤੌਰ ’ਤੇ ਇਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਜਸਟਿਸ ਰਾਜੀਵ ਨਰੈਣ ਰੈਣਾ ਨੇ ਰਾਜ ਦੇ ਪੁਲੀਸ ਮੁਖੀ ਨੂੰ ਮਾਮਲੇ ਵਿਚ ਦਖ਼ਲ ਦੇਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਡੀਜੀਪੀ ਕੇਸ ਕਾਗਜ਼ਾਤਾਂ ਵਿਚ ਇਸ ਤਰ੍ਹਾਂ ਦੇ ਸ਼ਬਦ ਨਾ ਵਰਤਣ ਲਈ ਹਦਾਇਤਾਂ ਜਾਰੀ ਕਰਨ। ਵਿਅਕਤੀ ਕਿਸ ਮੁਲਕ ਨਾਲ ਸਬੰਧਤ ਹੈ, ਸਿੱਧੇ ਤੌਰ ’ਤੇ ਲਿਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਾਂਚ ਅਧਿਕਾਰੀਆਂ ਤੇ ਪੁਲੀਸ ਅਫ਼ਸਰਾਂ ਨੂੰ ਇਸ ਬਾਰੇ ਜਾਗਰੂਕ ਕੀਤਾ ਜਾਵੇ ਤੇ ਯਕੀਨੀ ਬਣਾਇਆ ਜਾਵੇ ਕਿ ਕੋਈ ਵੀ ਕਿਸੇ ਨਾਲ ਰੰਗ ਦੇ ਅਧਾਰ ਉਤੇ ਪੱਖਪਾਤ ਨਾ ਕਰੇ।