ਚੰਡੀਗੜ੍ਹ, 8 ਮਈ
ਪੰਜਾਬ ਪੁਲੀਸ ਨੇ ਟਾਰਗੇਟ ਕਿਲਿੰਗ ਦੀ ਵੱਡੀ ਸ਼ਾਜ਼ਿਸ ਨੂੰ ਨਾਕਾਮ ਕਰਦੇ ਹੋਏ ਖਰੜ ਦੇ ਨਡਿਆਲਾ ਚੌਕ ਤੋਂ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਉਸ ਦੇ ਕਬਜ਼ੇ ‘ਚੋਂ 10 ਕਾਰਤੂਸ ਸਣੇ ਦੋ .30 ਕੈਲੀਬਰ ਪਿਸਤੌਲ ਅਤੇ ਇਕ .32 ਕੈਲੀਬਰ ਪਿਸਤੌਲ ਵੀ ਬਰਾਮਦ ਕੀਤਾ ਹੈ। ਗ੍ਰਫ਼ਤਾਰ ਕੀਤੇ ਵਿਅਕਤੀ ਦੀ ਪਛਾਣ ਗੁਰਿੰਦਰ ਸਿੰਘ ਉਰਫ਼ ਗੁਰੀ ਸ਼ੇਰਾ ਵਾਸੀ ਫਤਹਿਗੜ੍ਹ ਸਾਹਿਬ ਵਜੋਂ ਹੋਈ ਹੈ, ਜਿਸ ਦਾ ਅਪਰਾਧਿਕ ਪਿਛੋਕੜ ਹੈ। ਉਸ ਖ਼ਿਲਾਫ਼ ਸੂਬੇ ਵਿੱਚ ਫਿਰੌਤੀ, ਅਸਲਾ ਐਕਟ, ਸਨੈਚਿੰਗ, ਡਕੈਤੀ ਸਮੇਤ ਛੇ ਕੇਸ ਦਰਜ ਹਨ। ਰੋਪੜ ਰੇਂਜ ਦੇ ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਗੁਰੀ ਸ਼ੇਰਾ ਅਤੇ ਉਸ ਦਾ ਸਾਥੀ ਗੁਰਪ੍ਰੀਤ ਸਿੰਘ ਉਰਫ਼ ਜੋਨੀ ਵਾਸੀ ਪਟਿਆਲਾ ਹਥਿਆਰਾਂ ਦੀ ਨਾਜਾਇਜ਼ ਤਸਕਰੀ ਵਿੱਚ ਸ਼ਾਮਲ ਹਨ। ਮੁੱਢਲੀ ਜਾਂਚ ਦੌਰਾਨ ਗੁਰੀ ਨੇ ਖੁਲਾਸਾ ਕੀਤਾ ਕਿ ਉਹ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵਰਗੇ ਰਾਜਾਂ ਤੋਂ ਹਥਿਆਰ ਮੰਗਵਾਉਂਦਾ ਸੀ ਅਤੇ ਉਸ ਨੂੰ ਯੂਰਪ ਦੇ ਹੈਂਡਲਰ ਨੇ ਕਿਸੇ ਨੂੰ ਨਿਸ਼ਾਨਾ ਬਣਾਉਣ ਲਈ ਨਿਰਦੇਸ਼ਿਤ ਕੀਤਾ ਸੀ। ਮੁਲਜ਼ਮ ਨੂੰ ਜੁਰਮ ਨੂੰ ਅੰਜਾਮ ਦੇਣ ਲਈ ਹਥਿਆਰ ਅਤੇ ਗੋਲਾ-ਬਾਰੂਦ ਖਰੀਦਣ ਲਈ 1.50 ਲੱਖ ਰੁਪਏ ਦਾ ਭੁਗਤਾਨ ਵੀ ਕੀਤਾ ਗਿਆ ਸੀ।