ਪੱਤਰ ਪ੍ਰੇਰਕ/ਏਐੱਨਆਈ
ਮਾਨਸਾ/ਨਵੀਂ ਦਿੱਲੀ, 28 ਅਕਤੂਬਰ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ’ਚ ਨਾਮਜ਼ਦ ਗੈਂਗਸਟਰ ਦੀਪਕ ਟੀਨੂ ਨੂੰ ਟਰਾਂਜ਼ਿਟ ਰਿਮਾਂਡ ’ਤੇ ਲੈਣ ਵਾਸਤੇ ਦਿੱਲੀ ਗਈ ਪੰਜਾਬ ਪੁਲੀਸ ਦੀ ਟੀਮ ਨੂੰ ਅੱਜ ਇੱਕ ਵਾਰ ਫਿਰ ਖਾਲੀ ਹੱਥ ਮੁੜਨਾ ਪਿਆ ਹੈ। ਜ਼ਿਕਰਯੋਗ ਹੈ ਕਿ ਗੈਂਗਸਟਰ ਦੀਪਕ ਟੀਨੂ ਪਹਿਲੀ ਅਕਤੂਬਰ ਨੂੰ ਮਾਨਸਾ ਸੀਆਈਏ ਦੀ ਹਿਰਾਸਤ ’ਚੋਂ ਫਰਾਰ ਹੋ ਗਿਆ ਸੀ, ਜਿਸ ਮਗਰੋਂ ਉਸ ਨੂੰ ਦਿੱਲੀ ਪੁਲੀਸ ਦੇ ਸਪੈੱਸ਼ਲ ਸੈੱਲ ਨੇ 19 ਅਕਤੂਬਰ ਨੂੰ ਰਾਜਸਥਾਨ ਦੇ ਅਜਮੇਰ ਜ਼ਿਲ੍ਹੇ ਦੇ ਪਿੰਡ ਕੇਕੜੀ ਤੋਂ ਗ੍ਰਿਫਤਾਰ ਕੀਤਾ ਸੀ। ਇਸ ਦੌਰਾਨ ਉਸ ਕੋਲੋਂ ਅਸਲਾ ਵੀ ਬਰਾਮਦ ਹੋਇਆ ਸੀ। ਮਾਨਸਾ ਦੇ ਐੱਸਐੱਸਪੀ ਗੌਰਵ ਤੂਰਾ ਨੇ ਦੱਸਿਆ ਕਿ ਪੰਜਾਬ ਪੁਲੀਸ ਦੀ ਟੀਮ ਉਸ ਨੂੰ ਟਰਾਂਜ਼ਿਟ ਰਿਮਾਂਡ ’ਤੇ ਲੈਣ ਗਈ ਸੀ ਪਰ ਦਿੱਲੀ ਪੁਲੀਸ ਨੇ ਅਚਾਨਕ ਉਸ ਦਾ ਤਿੰਨ ਦਿਨ ਦਾ ਰਿਮਾਂਡ ਲੈ ਲਿਆ, ਜਿਸ ਕਰਕੇ ਪੰਜਾਬ ਪੁਲੀਸ ਉਸ ਨੂੰ ਟਰਾਂਜ਼ਿਟ ਰਿਮਾਂਡ ’ਤੇ ਲੈਣ ਮੁੜ ਦਿੱਲੀ ਜਾਵੇਗੀ।
ਇਸ ਦੌਰਾਨ ਪਟਿਆਲਾ ਹਾਊਸ ਕੋਰਟ ਨੇ ਗੈਂਗਸਟਰ ਦੀਪਕ ਟੀਨੂ ਦੇ ਪੁਲੀਸ ਰਿਮਾਂਡ ਵਿਚ ਤਿੰਨ ਦਿਨ ਦਾ ਹੋਰ ਵਾਧਾ ਕੀਤਾ ਹੈ। ਇਸ ਤੋਂ ਪਹਿਲਾਂ ਉਸ ਨੂੰ ਸੱਤ ਰੋਜ਼ਾ ਪੁਲੀਸ ਰਿਮਾਂਡ ’ਤੇ ਭੇਜਿਆ ਗਿਆ ਸੀ। ਟੀਨੂ ਪਹਿਲੀ ਅਕਤੂਬਰ ਨੂੰ ਪੰਜਾਬ ਪੁਲੀਸ ਦੀ ਹਿਰਾਸਤ ’ਚੋਂ ਫਰਾਰ ਹੋ ਗਿਆ ਸੀ ਅਤੇ ਦਿੱਲੀ ਸਪੈਸ਼ਲ ਸੈੱਲ ਦੀ ਟੀਮ ਨੇ ਉਸ ਨੂੰ ਪਿਛਲੇ ਹਫ਼ਤੇ ਰਾਜਸਥਾਨ ਤੋਂ ਗ੍ਰਿਫ਼ਤਾਰ ਕੀਤਾ ਸੀ। ਗੈਂਗਸਟਰ ਟੀਨੂ ਨੂੰ ਪਟਿਆਲਾ ਹਾਊਸ ਕੋਰਟ ਦੀ ਚੀਫ ਮੈਟਰੋਪੋਲੀਟਨ ਮੈਜਿਸਟਰੇਟ ਦੀ ਅਦਾਲਤ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕੀਤਾ ਗਿਆ, ਜਿਥੇ ਅਦਾਲਤ ਨੇ ਉਸ ਨੂੰ ਤਿੰਨ ਰੋਜ਼ਾ ਰਿਮਾਂਡ ’ਤੇ ਭੇਜ ਦਿੱਤਾ ਹੈ।
ਅਫ਼ਸਾਨਾ ਖਾਨ ਵੱਲੋਂ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨਾਲ ਮੁਲਾਕਾਤ
ਮਾਨਸਾ (ਜੋਗਿੰਦਰ ਸਿੰਘ ਮਾਨ): ਸਿੱਧੂ ਮੂਸੇਵਾਲਾ ਕਤਲ ਮਾਮਲੇ ’ਚ ਕੇਂਦਰੀ ਜਾਂਚ ਏਜੰਸੀ (ਐੱਨਆਈਏ) ਵੱਲੋਂ ਕੀਤੀ ਗਈ ਪੁੱਛ-ਪੜਤਾਲ ਤੋਂ ਬਾਅਦ ਪੰਜਾਬੀ ਗਾਇਕਾ ਅਫਸਾਨਾ ਖਾਨ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਅਤੇ ਮਾਤਾ ਚਰਨ ਕੌਰ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੀ ਪੁਸ਼ਟੀ ਅਫਸਾਨਾ ਖਾਨ ਨੇ ਇੰਸਟਾਗ੍ਰਾਮ ’ਤੇ ਕੀਤੀ ਹੈ। ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਵੀ ਇਸ ਮੁਲਾਕਾਤ ਦੀ ਹਾਮੀ ਭਰੀ ਹੈ। ਅਫ਼ਸਾਨਾ ਨੇ ਇੰਸਟਾਗ੍ਰਾਮ ’ਤੇ ਲਾਈਵ ਹੋ ਕੇ ਕਿਹਾ ਹੈ ਕਿ ਉਸ ਨੇ ਆਪਣੇ ਮੂੰਹ ਬੋਲੇ ਭਰਾ ਮੂਸੇਵਾਲਾ ਦੇ ਮਾਪਿਆਂ ਦਾ ਹਾਲ ਪੁੱਛਿਆ। ਉਸ ਨੇ ਕਿਹਾ ਕਿ ਉਹ ਹਰ ਦੁੱਖ-ਦਰਦ ਅਤੇ ਇਨਸਾਫ਼ ਦੀ ਲੜਾਈ ਵਿੱਚ ਉਨ੍ਹਾਂ ਦਾ ਸਾਥ ਦੇਵੇਗੀ। ਇੰਸਟਾਗ੍ਰਾਮ ’ਤੇ ਮੁਲਾਕਾਤ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਅਫਸਾਨਾ ਨੇ ਲਿਖਿਆ, ‘‘ਨਾ ਅਸੀਂ ਮੰਗਦੇ ਧੁੱਪ ਵੇ ਰੱਬਾ, ਨਾ ਹੀ ਮੰਗਦੇ ਛਾਵਾਂ ਨੂੰ, ਇੱਕ ਬਾਪੂ ਨੂੰ ਕੁੱਝ ਨਾ ਹੋਵੇ ਦੂਜਾ ਸੁਖੀ ਰੱਖੀਂ ਮਾਵਾਂ ਨੂੰ।’’ ਉਸ ਨੇ ਕਿਹਾ ਕਿ ਚੰਗੀ ਮਾਂ ਹਰ ਪੁੱਤ ਕੋਲ ਹੁੰਦੀ ਹੈ ਪਰ ਇੱਕ ਚੰਗਾ ਪੁੱਤ ਕਿਸੇ-ਕਿਸੇ ਮਾਂ ਨੂੰ ਨਸੀਬ ਹੁੰਦਾ ਹੈ।