ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 12 ਅਕਤੂਬਰ
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਤੇਲ ਅਤੇ ਗੈਸ ਕੰਪਨੀਆਂ ਨੂੰ ਤੇਲ ਤੇ ਗੈਸ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਸਹਾਇਤਾ ਤੇ ਸਹਿਯੋਗ ਦਾ ਭਰੋਸਾ ਦਿੱਤਾ। ਉਹ ਅੱਜ ਇੱਥੇ ਪੰਜਾਬ ਵਿੱਚ ਤੇਲ-ਗੈਸ ਸਬੰਧੀ ਬੁਨਿਆਦੀ ਢਾਂਚੇ ਦੀ ਸੁਰੱਖਿਆ ਲਈ ਚੁੱਕੇ ਕਦਮਾਂ ਦੀ ਸਮੀਖਿਆ ਲਈ ਗੈਸ ਅਥਾਰਟੀ ਆਫ ਇੰਡੀਆ ਲਿਮਟਿਡ (ਜੀਏਆਈਐੱਲ) ਵੱਲੋਂ ਕਰਵਾਈ ਤੀਜੀ ਓਐੱਸਸੀਸੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਤੇਲ ਕੰਪਨੀਆਂ ਦੇ ਨੁਮਾਇੰਦਆਂ ਦੀ ਹਾਜ਼ਰੀ ’ਚ ਮੀਟਿੰਗ ਦੌਰਾਨ ਸਟੈਂਡਰਡ ਓਪਰੇਟਿੰਗ ਪ੍ਰੋਸੀਜਰਜ਼ (ਐੱਸਓਪੀਜ਼), ਸੁਰੱਖਿਆ ਨੂੰ ਵਧਾਉਣਾ, ਸੀਸੀਟੀਵੀ ਤੇ ਡਰੋਨ ਨਿਗਰਾਨੀ ਰਾਹੀਂ ਚੌਕਸੀ ਰੱਖਣ ਬਾਰੇ ਚਰਚਾ ਕੀਤੀ ਗਈ, ਜਿਸ ਦਾ ਉਦੇਸ਼ ਭਾਈਵਾਲਾਂ ਦਰਮਿਆਨ ਬਿਹਤਰ ਤਾਲਮੇਲ ਬਣਾਉਣਾ ਸੀ। ਗੌਰਵ ਯਾਦਵ ਨੇ ਕਿਹਾ ਕਿ ਭਾਵੇਂ ਪੰਜਾਬ ਹੁਣ ਤੱਕ ਸੁਰੱਖਿਅਤ ਹੈ ਪਰ ਪੁਲੀਸ ਤੇ ਤੇਲ-ਗੈਸ ਕੰਪਨੀਆਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਤੇ ਤੇਲ ਤੇ ਗੈਸ ਦੀ ਸੁਰੱਖਿਆ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਤੇਲ-ਗੈਸ ਕੰਪਨੀਆਂ ਤੇ ਜ਼ਿਲ੍ਹਾ ਪੁਲੀਸ ਦਰਮਿਆਨ ਵਧੇਰੇ ਤਾਲਮੇਲ ਬਣਾਉਣ ਲਈ ਜ਼ਿਲ੍ਹਾ ਪੱਧਰੀ ਸੁਰੱਖਿਆ ਤਾਲਮੇਲ ਮੀਟਿੰਗਾਂ ਕਰਨ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਵਿਸ਼ੇਸ਼ ਦਸਤੇ ਤਾਇਨਾਤ ਕਰਨ ਦੀ ਵੀ ਤਜਵੀਜ਼ ਦਿੱਤੀ, ਜੋ ਖਾਸ ਕਰਕੇ ਤੇਲ ਤੇ ਗੈਸ ਨਾਲ ਸਬੰਧਤ ਅਪਰਾਧਾਂ ਦੀ ਨਿਗਰਾਨੀ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਤੁਰੰਤ ਕਾਰਵਾਈ ਲਈ ਪੈਰੀਮੀਟਰ ਇੰਟਰੂਜਨ ਡਿਟੈਕਸ਼ਨ ਸਿਸਟਮ ਜਾਂ ਐਮਰਜੈਂਸੀ ਰਿਸਪਾਂਸ ਸਿਸਟਮ ਨੂੰ ਸ਼ਾਮਲ ਕਰਨ ਦੀ ਸੰਭਾਵਨਾ ਦੀ ਤਲਾਸ਼ੇਗੀ।