ਦਰਸ਼ਨ ਸਿੰਘ ਸੋਢੀ
ਮੁਹਾਲੀ, 11 ਜੁਲਾਈ
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਇੱਥੇ ਵਿਸ਼ਵ ਅਬਾਦੀ ਦਿਵਸ ਮੌਕੇ ਕਿਸਾਨ ਚੈਂਬਰ ਮੁਹਾਲੀ ਵਿਖੇ ਕਰਵਾਏ ਸੂਬਾ ਪੱਧਰੀ ਸਮਾਗਮ ਦੌਰਾਨ ਸੂਬੇ ਵਿੱਚ ਜਨਸੰਖਿਆ ਸਥਿਰਤਾ ਪੰਦਰਵਾੜੇ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਆਬਾਦੀ ਦਿਵਸ ਦੇ ਸਮਾਗਮਾਂ ਨੂੰ ਦੋ ਪੰਦਰਵਾੜਿਆਂ ਵਿੱਚ ਵੰਡਿਆ ਗਿਆ ਹੈ। 27 ਜੂਨ ਤੋਂ 10 ਜੁਲਾਈ ਦੇ ਦਰਮਿਆਨ ਪਹਿਲਾ ਪੰਦਰਵਾੜਾ ਮਨਾਇਆ ਗਿਆ, ਜਿਸ ਦੌਰਾਨ ਲੋਕਾਂ ਨੂੰ ਪਰਿਵਾਰ ਯੋਜਨਾਬੰਦੀ ਦੇ ਢੰਗਾਂ ਨੂੰ ਅਪਣਾਉਣ ਬਾਰੇ ਜਾਣਕਾਰੀ ਦੇਣ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ। 11 ਜੁਲਾਈ ਨੂੰ ਦੂਜੇ ਪੰਦਰਵਾੜੇ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦਾ ਉਦੇਸ਼ ਜਨਸੰਖਿਆ ਸਥਿਰਤਾ ’ਤੇ ਧਿਆਨ ਕੇਂਦਰਿਤ ਕਰਨਾ ਹੈ। ਪ੍ਰਮੁੱਖ ਸਕੱਤਰ ਸਿਹਤ ਹੁਸਨ ਲਾਲ ਨੇ ਦੱਸਿਆ ਕਿ 150 ਵੱਖ-ਵੱਖ ਥਾਵਾਂ ਤੋਂ ਕਰਮਚਾਰੀਆਂ/ ਸਿਹਤ ਕਾਮਿਆਂ ਨੇ ਆਬਾਦੀ ਦਿਵਸ ਸਮਾਰੋਹ ਵਿੱਚ ਆਨਲਾਈਨ ਹਿੱਸਾ ਲਿਆ। ਕੋਵਿਡ-19 ਦੀ ਸੰਭਾਵਤ ਤੀਜੀ ਲਹਿਰ ਲਈ ਕੀਤੀਆਂ ਗਈਆਂ ਤਿਆਰੀਆਂ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਹੁਸਨ ਲਾਲ ਨੇ ਕਿਹਾ ਕਿ ਸਿਹਤ ਵਿਭਾਗ ਤੀਜੀ ਲਹਿਰ ਦੇ ਟਾਕਰੇ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਤੋਂ ਪਹਿਲਾਂ ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਪੰਜਾਬ ਡਾ. ਅੰਦੇਸ਼ ਕੰਗ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਡਾਇਰੈਕਟਰ ਸਿਹਤ ਡਾ. ਜੀ.ਬੀ. ਸਿੰਘ ਨੇ ਕੁਦਰਤੀ ਸਰੋਤਾਂ ’ਤੇ ਦਬਾਅ ਦੇ ਮੱਦੇਨਜ਼ਰ ਆਬਾਦੀ ਸਥਿਰਤਾ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਪਰਿਵਾਰਕ ਯੋਜਨਾਬੰਦੀ ਬਾਰੇ ਸਟੇਟ ਨੋਡਲ ਅਫਸਰ ਡਾ. ਆਰਤੀ ਨੇ ਪੀਪੀਟੀ ਪੇਸ਼ ਕੀਤੀ। ਪ੍ਰੋਗਰਾਮ ਦੌਰਾਨ ਪਰਿਵਾਰ ਯੋਜਨਾਬੰਦੀ ਅਧੀਨ ਉੱਤਮ ਕਾਰਗੁਜ਼ਾਰੀ ਵਿਖਾਉਣ ਵਾਲੇ ਜ਼ਿਲ੍ਹਿਆਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿੱਚ ਸੀਐੱਚਸੀ ਖਿਆਲਾ ਕਲਾਂ (ਮਾਨਸਾ) ਦੀ ਡਾ. ਹਰਦੀਪ ਨੇ ਨਸਬੰਦੀ ਵਿੱਚ ਵਿਚ ਪਹਿਲਾ ਸਥਾਨ ਮੱਲਿਆ, ਸੀਐੱਚ ਲੁਧਿਆਣਾ ਦੀ ਡਾ. ਮਿਲਨ ਵਰਮਾ ਨੂੰ ਬੈਸਟ ਐੱਨਐੱਸਵੀ ਪ੍ਰੋਵਾਈਡਰ ਚੁਣਿਆ ਗਿਆ, ਮਿਨੀ ਲੈਪ ਵਿਚ ਜ਼ਿਲ੍ਹਾ ਹਸਪਤਾਲ ਅੰਮ੍ਰਿਤਸਰ ਤੋਂ ਡਾ ਅਸ਼ਵਨੀ ਕੁਮਾਰ ਪਹਿਲੇ ਸਥਾਨ ’ਤੇ ਰਹੇ। ਪੀਪੀਆਈਯੂਸੀਡੀ ਪ੍ਰੋਵਾਇਡਰ ਸ਼੍ਰੇਣੀ ਸੀਐੱਚਸੀ ਬਰਨਾਲਾ ਦੀ ਡਾ. ਈਸ਼ਾ ਗੁਪਤਾ ਪਹਿਲੇ, ਸੀਐੱਚਸੀ ਬਰਨਾਲਾ ਤੋਂ ਸਟਾਫ ਨਰਸ ਸੰਦੀਪ ਕੌਰ ਨੂੰ ਸਰਬੋਤਮ ਸਟਾਫ਼ ਨਰਸ ਚੁਣਿਆ ਗਿਆ, ਸੀਐੱਚਸੀ ਲੁਧਿਆਣਾ ਦੀ ਸ਼ੀਤਲ ਨੂੰ ਬੈਸਟ ਆਸ਼ਾ ਵਰਕਰ, ਸੀਐੱਚਸੀ ਲੁਧਿਆਣਾ ਤੋਂ ਦਵਿੰਦਰ ਕੌਰ ਨੂੰ ਬੈਸਟ ਏਐੱਨਐੱਮ, ਸੀਐਚਸੀ ਸੰਗਰੂਰ ਤੋਂ ਸੁਖਵਿੰਦਰ ਨੂੰ ਬੈਸਟ ਐੱਮਪੀਐੱਚਡਬਲਯੂ (ਪੁਰਸ਼), ਸੀਐੱਚਸੀ ਜਲੰਧਰ ਤੋਂ ਅਮਰਜੀਤ ਨੂੰ ਬੈਸਟ ਐੱਮਪੀਐੱਚਡਬਲਯੂ (ਮਹਿਲਾ) ਚੁਣਿਆ ਗਿਆ।